ਮੋਦੀ ਪ੍ਰਧਾਨ ਮੰਤਰੀ ਵਜੋਂ ਅੱਜ ਚੁੱਕਣਗੇ ਸਹੁੰ

ਨਵੀਂ ਦਿੱਲੀ, 29 ਮਈ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਭਵਨ 'ਚ ਅੱਜ ਸ਼ਾਮ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਜਿਸ 'ਚ 5 ਤੋਂ 8 ਹਜ਼ਾਰ ਲੋਕਾਂ ਦੇ ਮੌਜੂਦ ਰਹਿਣ ਦੀ ਸੰਭਾਵਨਾ ਹੈ, ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ | ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੀ ਵਾਰ ਅਹੁਦੇ ਦੀ ਸਹੁੰ ਚੁੱਕਣਗੇ | ਪ੍ਰਧਾਨ ਮੰਤਰੀ ਮੋੋਦੀ ਦੇ ਨਾਲ-ਨਾਲ ਉਨ੍ਹਾਂ ਦਾ ਮੰਤਰੀ ਮੰਡਲ ਵੀ ਸਹੁੰ ਚੁੱਕੇਗਾ |

ਰਾਸ਼ਟਰਪਤੀ ਭਵਨ ਦੇ ਰਵਾਇਤੀ ਦਰਬਾਰ ਹਾਲ 'ਚ ਹੋਣ ਵਾਲਾ ਸਹੁੰ ਚੁੱਕ ਸਮਾਗਮ ਇਸ ਵਾਰ ਰਾਸ਼ਟਰਪਤੀ ਭਵਨ ਦੇ ਬਾਹਰ ਮੁੱਖ ਦਰਵਾਜ਼ੇ ਅਤੇ ਮੁੱਖ ਭਵਨ ਦੇ ਦਰਮਿਆਨ ਕੀਤਾ ਜਾਵੇਗਾ ਜਿੱਥੇ ਮਹਿਮਾਨਾਂ ਦੇ ਸਵਾਗਤ ਲਈ ਇਕ ਵਿਸ਼ਾਲ ਦਰਵਾਜ਼ਾ ਬਣਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਇਹ ਚੌਥਾ ਮੌਕਾ ਹੋਵੇਗਾ ਜਦੋਂ ਸਹੁੰ ਚੁੱਕ ਸਮਾਗਮ ਦਰਬਾਰ ਹਾਲ 'ਚ ਨਹੀਂ ਕੀਤਾ ਜਾਵੇਗਾ | ਸਭ ਤੋਂ ਪਹਿਲਾਂ 1990 'ਚ ਚੰਦਰ ਸ਼ੇਖਰ ਨੇ ਫਿਰ 1998 'ਚ ਅਟਲ ਬਿਹਾਰੀ ਵਾਜਪਾਈ ਨੇ ਅਤੇ 2014 'ਚ ਨਰਿੰਦਰ ਮੋਦੀ ਨੇ ਦਰਬਾਰ ਹਾਲ ਦੀ ਥਾਂਅ ਬਾਹਰ ਸਹੁੰ ਚੁੱਕ ਸਮਾਗਮ ਕੀਤਾ ਸੀ | ਦਰਬਾਰ ਹਾਲ 'ਚ ਸਿਰਫ਼ 500 ਲੋਕਾਂ ਦਾ ਹੀ ਸਮਾਗਮ ਕੀਤਾ ਜਾ ਸਕਦਾ ਹੈ |

14 ਦੇਸ਼ਾਂ ਦੇ ਮੁਖੀ ਹੋਣਗੇ ਸ਼ਾਮਿਲ

ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਹੋਣ ਵਾਲੇ ਇਸ ਸਹੁੰ ਚੁੱਕ ਸਮਾਗਮ 'ਚ 14 ਦੇਸ਼ਾਂ ਦੇ ਮੁਖੀਆਂ, ਕਈ ਦੇਸ਼ਾਂ ਦੇ ਰਾਜਦੂਤ ਅਤੇ ਕਈ ਹੋਰ ਸ਼ਖ਼ਸੀਅਤਾਂ ਹਿੱਸਾ ਲੈਣਗੀਆਂ | ਯੂ.ਪੀ.ਏ. ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ 'ਚ ਸ਼ਾਮਿਲ ਹੋਣਗੇ |

ਭਾਜਪਾ ਸ਼ਾਸਿਤ ਸਾਰੇ ਰਾਜਾਂ ਦੇ ਮੁੱਖ ਮੰਤਰੀ ਇਸ ਸਮਾਗਮ 'ਚ ਹਿੱਸਾ ਲੈਣਗੇ | ਗੈਰ-ਭਾਜਪਾ ਸ਼ਾਸਿਤ ਰਾਜਾਂ 'ਚੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕੇਰਲ ਦੇ ਮੁੱਖ ਮੰਤਰੀ ਪਿਨਾਗਈ ਵਿਜੈਅਨ ਨੇ ਇਸ ਸਮਾਗਮ 'ਚ ਸ਼ਿਰਕਤ ਤੋਂ ਇਨਕਾਰ ਕਰ ਦਿੱਤਾ ਹੈ | ਆਂਧਰਾ ਪ੍ਰਦੇਸ਼ ਦ ਨਵੇਂ ਚੁਣੇ ਗਏ ਮੁੱਖ ਮੰਤਰੀ ਜਗਨ ਮੋਹਨ ਰੈਡੀ ਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਜਿਨ੍ਹਾ ਅੱਜ ਹੀ ਸਹੁੰ ਚੁੱਕੀ ਹੈ, ਵੀ ਸਮਾਗਮ 'ਚ ਸ਼ਾਮਿਲ ਨਹੀਂ ਹੋ ਸਕਣਗੇ | ਕਰਨਾਟਕ 'ਚ ਕਾਂਗਰਸ ਦੀ ਗੱਠਜੋੜ ਸਰਕਾਰ 'ਚ ਮੁੱਖ ਮੰਤਰੀ ਕੁਮਾਰਸਵਾਮੀ ਵੀ ਇਸ ਸਮਾਗਮ 'ਚ ਸ਼ਾਮਿਲ ਹੋਣਗੇ | ਸ਼ਾਮ ਨੂੰ 7 ਵਜੇ ਹੋਣ ਵਾਲੇ ਸਮਾਗਮ ਤੋਂ ਬਾਅਦ ਰਾਤ ਦੀ ਦਾਅਵਤ 'ਚ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਤਰ੍ਹਾਂ ਦੇ ਖਾਣੇ ਦੀ ਵਿਵਸਥਾ ਕੀਤੀ ਗਈ ਹੈ |
ਕਈ ਨਵੇਂ ਚਿਹਰੇ ਹੋ ਸਕਦੇ ਹਨ ਮੰਤਰੀ ਮੰਡਲ 'ਚ ਸ਼ਾਮਿਲ

ਸਮਾਗਮ ਤੋਂ ਇਲਾਵਾ ਨਵੇਂ ਮੰਤਰੀ-ਮੰਡਲ ਦੇ ਗਠਨ ਲਈ ਵੀ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਰਮਿਆਨ ਇਸ ਸਬੰਧ 'ਚ ਮੰਗਲਵਾਰ ਸ਼ਾਮ ਨੂੰ ਤਕਰੀਬਨ 5 ਘੰਟੇ ਬੈਠਕ ਹੋਈ | ਹਲਕਿਆਂ ਮੁਤਾਬਿਕ ਮੋਦੀ ਦੇ ਨਾਲ 65 ਮੰਤਰੀ ਵੀ ਸਹੁੰ ਚੁੱਕਣਗੇ ਜਿਨ੍ਹਾਂ 'ਚੋਂ 40 ਫ਼ੀਸਦੀ ਨਵੇਂ ਚਿਹਰੇ ਹੋਣ ਦੀ ਉਮੀਦ ਹੈ | ਹਲਕਿਆਂ ਮੁਤਾਬਿਕ 6 ਨਾਵਾਂ ਦੀ ਮੰਤਰੀ ਮੰਡਲ 'ਚ ਥਾਂਅ ਨਿਸਚਿਤ ਮੰਨੀ ਜਾ ਰਹੀ ਹੈ, ਜਿਨ੍ਹਾਂ 'ਚ ਰਾਜਨਾਥ ਸਿੰਘ, ਨਿਤੀਨ ਗਡਕਰੀ, ਪਿਊਸ਼ ਗੋਇਲ, ਅਮਿਤ ਸ਼ਾਹ, ਨਿਰਮਲਾ ਸੀਤਾਰਮਨ ਅਤੇ ਸਮਿ੍ਤੀ ਇਰਾਨੀ ਸ਼ਾਮਿਲ ਹਨ | ਸਾਬਕਾ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਪਹਿਲਾਂ ਹੀ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਖੁਦ ਨੂੰ ਸੰਭਾਵਿਤ ਮੰਤਰੀਆਂ ਦੀ ਸੂਚੀ ਤੋਂ ਵੱਖ ਕਰ ਚੁੱਕੇ ਹਨ |

ਨਵੇਂ ਮੰਤਰੀ ਮੰਡਲ 'ਚ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਨੂੰ ਵਿਸ਼ੇਸ਼ ਤਰਜ਼ੀਹ ਦਿੱਤੇ ਜਾਣ ਦੀ ਵੀ ਚਰਚਾ ਹੈ | ਗੱਠਜੋੜ ਭਾਈਵਾਲਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ 'ਚੋਂ ਕਿਸੇ ਇਕ ਨੂੰ ਕੋਈ ਅਹੁਦਾ ਦਿੱਤਾ ਜਾਣ ਦੇ ਕਿਆਸ ਲਾਏ ਦਾ ਰਹੇ ਹਨ ਦੂਜੇ ਗੱਠਜੋੜ ਭਾਈਵਾਲਾਂ ਸ਼ਿਵ ਸੈਨਾ, ਜਨਤਾ ਦਲ (ਯੂ) ਸ਼ਿਵ ਸੈਨਾ ਨੂੰ ਵੀ ਮੰਤਰੀ ਮੰਡਲ 'ਚ ਸ਼ਾਮਿਲ ਕਰਨ ਦੇ ਕਿਆਸ ਹਨ ਜਿਸ ਤੋਂ ਭਾਜਪਾ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਆਪਣੇ ਬਲਬੂਤੇ 'ਤੇ ਸਰਕਾਰ ਦੇ ਗਠਨ ਦੇ ਬਾਵਜੂਦ ਭਾਜਪਾ ਆਪਣੇ ਭਾਈਵਾਲਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ ਅਤੇ ਸਭ ਕਾ ਸਾਥ, ਸਭ ਕਾ ਵਿਕਾਸ ਦੇ ਨਾਅਰੇ ਨੂੰ ਵੀ ਅਮਲੀ ਜਾਮਾ ਪਹਿਨਾ ਰਹੀ ਹੈ |

Share on Google Plus

About Ravi

0 comments:

Post a Comment