ਕੇਜਰੀਵਾਲ ਦੇ ਥਾਪੜੇ ਮਗਰੋਂ ਸਰਗਰਮ ਹੋਏ ਹਰਪਾਲ ਚੀਮਾ

ਚੰਡੀਗੜ੍ਹ: ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਥਾਪੜੇ ਨਾਲ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨਵੇਂ ਬਣੇ ਨੇਤਾ ਹਰਪਾਲ ਸਿੰਘ ਚੀਮਾ ਸਰਗਰਮ ਹੋ ਗਏ ਹਨ। ਅੱਜ ਉਨ੍ਹਾਂ ਨੇ ਮੀਡੀਆ ਦੇ ਨਾਂ ਪ੍ਰੈੱਸ ਨੋਟ ਜਾਰੀ ਕਰਦਿਆਂ ਸੰਕੇਤ ਦਿੱਤਾ ਕਿ ਪੰਜਾਬ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਦੌਰਾਨ ਸਰਕਾਰ ਨੂੰ ਪੰਜਾਬ ਦੇ ਮੁੱਦਿਆਂ 'ਤੇ ਘੇਰਿਆ ਜਾਏਗਾ।




ਚੀਮਾ ਨੇ ਪੰਜ ਦਿਨਾਂ ਦੇ ਵਿਸ਼ੇਸ਼ ਸੈਸ਼ਨ ਦੀ ਮੰਗ ਕੀਤੀ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ, ਪੰਜਾਬ ਦੇ ਨੌਜਵਾਨਾਂ ਉੱਤੇ ਬੇਰੁਜ਼ਗਾਰੀ ਤੇ ਡਰੱਗ ਮਾਫ਼ੀਆ ਦੀ ਮਾਰ, ਰਸੂਖਦਾਰ ਲੋਕਾਂ ਤੇ ਸਰਕਾਰੀ ਨਾਕਾਮੀਆਂ ਕਾਰਨ ਪ੍ਰਦੂਸ਼ਿਤ ਹੋ ਰਹੇ ਦਰਿਆ ਤੇ ਪਾਣੀ ਦੇ ਬਾਕੀ ਕੁਦਰਤੀ ਸਰੋਤਾਂ, ਕਰਜ਼ ਦੇ ਬੋਝ ਤੇ ਖੇਤੀ ਸੰਕਟ ਕਾਰਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ-ਖੇਤ ਮਜ਼ਦੂਰਾਂ ਸਮੇਤ ਦਲਿਤ ਸਮਾਜ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਇੱਕ-ਇੱਕ ਦਿਨ ਸੰਜੀਦਾ ਬਹਿਸ ਨੂੰ ਸਮਰਪਿਤ ਕੀਤਾ ਜਾ ਸਕੇ।

ਹਰਪਾਲ ਚੀਮਾ ਨੇ ਇੱਕ ਦਿਨ ਦਾ ਸੈਸ਼ਨ ਪੰਜਾਬ ਦੀਆਂ ਦਹਾਕਿਆਂ ਤੋਂ ਲਟਕਦੀਆਂ ਆ ਰਹੀਆਂ ਰਾਜਧਾਨੀ, ਪੰਜਾਬੀ ਬੋਲਦੇ ਇਲਾਕਿਆਂ ਤੇ ਪੰਜਾਬ ਦੇ ਦਰਿਆਈ ਪਾਣੀਆਂ ਵਰਗੇ ਰਵਾਇਤੀ ਮੁੱਦਿਆਂ ਲਈ ਰਾਖਵਾਂ ਰੱਖਣ ਦੀ ਮੰਗ ਕੀਤੀ ਤਾਂ ਕਿ ਇਨ੍ਹਾਂ ਸਾਰੇ ਸੰਵੇਦਨਸ਼ੀਲ ਮੁੱਦਿਆਂ ਉੱਤੇ ਪੰਜਾਬ ਵਿਧਾਨ ਸਭਾ 'ਚ ਮੌਜੂਦ ਸਾਰੀਆਂ ਪਾਰਟੀਆਂ ਆਪਣਾ-ਆਪਣਾ ਸਟੈਂਡ ਸਪੱਸ਼ਟ ਕਰਨ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਉੱਤੇ ਕੈਪਟਨ ਸਰਕਾਰ ਦੀ ਪੈਰਵੀ ਵੀ ਪਿਛਲੀ ਬਾਦਲ ਸਰਕਾਰ ਦੀ ਤਰ੍ਹਾਂ ਸ਼ੰਕੇ ਪੈਦਾ ਕਰ ਰਹੀ ਹੈ। ਜਾਂਚ ਕਮਿਸ਼ਨ ਤੇ ਪੁਲਿਸ ਦੀ ਜਾਂਚ ਦੌਰਾਨ ਕੜੀਆਂ ਜੁੜਨ ਦੇ ਬਾਵਜੂਦ ਵੱਡੇ ਅਕਾਲੀ ਨੇਤਾਵਾਂ ਤੇ ਪੁਲਿਸ ਅਫ਼ਸਰਾਂ 'ਤੇ ਕਾਰਵਾਈ ਦੀ ਥਾਂ ਇਸ ਨੂੰ ਸੀਬੀਆਈ ਹਵਾਲੇ ਕਰਨਾ ਜਾਂਚ ਨੂੰ ਫ਼ੈਸਲਾਕੁਨ ਮੋੜ 'ਤੇ ਪਹੁੰਚਾਉਣ ਦੀ ਥਾਂ ਲਟਕਾ ਕੇ ਦੋਸ਼ੀਆਂ ਨੂੰ ਬਚਾਉਣ ਵਾਲਾ ਕਦਮ ਹੈ।

ਇਸ ਲਈ ਆਮ ਆਦਮੀ ਪਾਰਟੀ ਇਸ ਸੰਵੇਦਨਸ਼ੀਲ ਮੁੱਦੇ 'ਤੇ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਚਾਹੁੰਦੀ ਹੈ ਤਾਂ ਕਿ ਪਾਰਟੀ ਵਿਰੋਧੀ ਧਿਰ ਦੀ ਸਾਰਥਿਕ ਭੂਮਿਕਾ ਨਿਭਾਉਂਦੇ ਹੋਏ ਪੰਜਾਬ ਦੇ ਲੋਕਾਂ ਤੇ ਦੇਸ਼-ਵਿਦੇਸ਼ 'ਚ ਬੈਠੇ ਪੰਜਾਬੀਆਂ ਦੇ ਸ਼ੱਕ-ਸ਼ੰਕਿਆਂ ਤੇ ਦੋਸ਼ਾਂ ਦਾ ਜਵਾਬ ਸਰਕਾਰ ਤੋਂ 'ਆਨ ਰਿਕਾਰਡ' ਲੈ ਸਕੇ।
Share on Google Plus

About Ravi

0 comments:

Post a Comment