ਦੋਸਤਾਂ ਨਾਲ ਨਹਾਉਣ ਗਏ ਦੋ ਬੱਚੇ ਪਾਣੀ 'ਚ ਡੁੱਬੇ, ਇਕ ਦੀ ਮੌਤ, ਦੂਜੇ ਦੀ ਭਾਲ ਜਾਰੀ

ਅੱਜ ਦੁਪਹਿਰ ਬਾਅਦ ਬੇਦੀ ਨਗਰ ਮੋਗਾ ਨਿਵਾਸੀ ਪ੍ਰਵਾਸੀ ਪਰਿਵਾਰ ਨਾਲ ਸਬੰਧਤ ਦੋ ਨਾਬਾਲਗ ਬੱਚੇ ਜੋ ਆਪਣੇ ਦੋਸਤਾਂ ਨਾਲ ਨਹਾਉਣ ਲਈ ਜ਼ੀਰਾ ਰੋਡ 'ਤੇ ਸਥਿਤ ਨਹਿਰ 'ਚ ਗਏ ਸਨ, ਬਹਿ ਗਏ, ਜਿਸ ਦਾ ਪਤਾ ਉਸਦੇ ਪਰਿਵਾਰ ਵਾਲਿਆਂ ਨੂੰ ਲੱਗਣ 'ਤੇ ਉਹ ਤੁਰੰਤ ਜ਼ੀਰਾ ਰੋਡ 'ਤੇ ਸਥਿਤ ਨਹਿਰ 'ਤੇ ਪੁੱਜੇ ਅਤੇ ਇਸ ਦੀ ਸੁਚਨਾ ਪੁਲਸ ਨੂੰ ਦਿੱਤੀ । ਸੂਚਨਾ ਮਿਲਣ 'ਤੇ ਹਾਈਵੇ ਪੁਲਸ ਪੈਟ੍ਰੋਲਿੰਗ ਪਾਰਟੀ ਦੇ ਹੌਲਦਾਰ ਸਾਹਿਬ ਸਿੰਘ, ਹੌਲਦਾਰ ਚਰਨਜੀਤ ਸਿੰਘ ਸਭ ਤੋਂ ਪਹਿਲਾਂ ਉਥੇ ਪੁੱਜੇ ਅਤੇ ਉਨ੍ਹਾਂ ਤੁਰੰਤ ਪੁੱਛਗਿੱਛ ਤੋਂ ਬਾਅਦ ਪਾਣੀ 'ਚ ਜਾਲ ਲਾਇਆ ਤਾਂਕਿ ਬੱਚਿਆਂ ਦਾ ਪਤਾ ਲੱਗ ਸਕੇ।

ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਸੋਨਮ ਨਿਵਾਸੀ ਬੇਦੀ ਨਗਰ ਮੋਗਾ ਨੇ ਦੱਸਿਆ ਕਿ ਉਹ ਯੂ. ਪੀ. ਦੇ ਰਹਿਣ ਵਾਲੇ ਹਨ। ਉਸਦਾ ਪਤੀ ਰਾਮ ਦੁਲਾਰੇ ਹਲਵਾਈ ਦਾ ਕੰਮ ਕਰਦਾ ਹੈ ਅਤੇ ਉਸਦੇ ਤਿੰਨ ਬੇਟੇ ਅਤੇ ਤਿੰਨ ਬੇਟੀਆਂ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਮੋਗਾ 'ਚ ਰਹਿ ਕੇ ਕੰਮ ਕਰ ਰਹੇ ਹਨ। ਉਸਨੇ ਕਿਹਾ ਕਿ ਉਸਦਾ ਬੇਟਾ ਸਾਹਿਲ (10) ਜੋ ਕੈਂਪ ਭੀਮ ਨਗਰ 'ਚ ਤੀਸਰੀ ਕਲਾਸ 'ਚ ਪੜਦਾ ਸੀ, ਆਪਣੇ ਗੁਆਂਢੀ ਦੋਸਤ ਲੱਭਾ ਤੇ ਹੋਰ ਦੋਸਤਾਂ ਨੂੰ ਨਾਲ ਲੈ ਕੇ ਜ਼ੀਰਾ ਰੋਡ 'ਤੇ ਸਥਿਤ ਨਹਿਰ 'ਚ ਨਹਾਉਣ ਲਈ ਗਏ ਸਨ । ਉਹ ਚੱਲਦੇ ਚੱਲਦੇ ਲੁਹਾਰਾ ਕੋਲ ਪੁੱਜ ਗਏ, ਉਥੇ ਉਨ੍ਹਾਂ ਨਹਿਰ 'ਚ ਛਲਾਂਗ ਲਾ ਕੇ ਨਹਾਉਣਾ ਸ਼ੁਰੂ ਕੀਤਾ। ਇਕਦਮ ਤੇਜ ਪਾਣੀ ਦੇ ਵਹਾਅ ਦੇ ਚੱਲਦੇ ਦੋਵੇਂ ਦੋਸਤ ਵਹਿ ਗਏ, ਜਿਸ 'ਤੇ ਉਸਦੇ ਛੋਟੇ ਭਰਾ ਨੇ ਇਸ ਦੀ ਜਾਣਕਾਰੀ ਸਾਨੂੰ ਦਿੱਤੀ ।


ਅਸੀਂ ਉਥੇ ਪੁੱਜੇ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ । ਜਦ ਇਸ ਸਬੰਧ 'ਚ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਹਾਇਕ ਥਾਣੇਦਾਰ ਅਮਰਜੀਤ ਸਿੰਘ 10 ਗੋਤਾਖੋਰਾਂ ਨੂੰ ਨਾਲ ਲੈ ਕੇ ਘਟਨਾ ਸਥਾਨ 'ਤੇ ਪੁੱਜੇ ਅਤੇ ਸਾਰੇ ਗੋਤਾਖੋਰਾਂ ਨੂੰ ਪਾਣੀ 'ਚ ਬਹੇ ਬੱਚਿਆਂ ਨੂੰ ਕੱਢਣ ਲਈ ਨਹਿਰ 'ਚ ਉਤਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋ ਜਗ੍ਹਾ ਜਾਲ ਵੀ ਲਾਇਆ ਗਿਆ, ਪਰ ਇਕ ਬੱਚੇ ਸਾਹਿਲ ਦੀ ਲਾਸ਼ ਘੱਲ ਕਲਾਂ ਨਹਿਰ ਪੁਲ ਕੋਲੋਂ ਮਿਲ ਗਈ ਹੈ। ਜਦਕਿ ਲਭੇ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਹਿਲ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ।
Share on Google Plus

About Ravi

0 comments:

Post a Comment