ਜਲੰਧਰ (ਸ਼ੋਰੀ)— ਸਿਵਲ ਹਸਪਤਾਲ ਦੇ ਹਾਲਾਤ ਖਰਾਬ ਹੋਣੇ ਸ਼ੁਰੂ ਹੋ ਚੁੱਕੇ ਹਨ। ਹਸਪਤਾਲ 'ਚ ਇਥੋਂ ਤੱਕ ਨੌਬਤ ਦਿਖਾਈ ਦੇਣੀ ਸ਼ੁਰੂ ਹੋ ਚੁੱਕੀ ਹੈ ਕਿ ਹਸਪਤਾਲ ਪ੍ਰਬੰਧਕਾਂ ਕੋਲ ਰਜਿਸਟਰ ਖਰੀਦਣ ਲਈ ਪੈਸੇ ਨਹੀਂ ਹਨ ਅਤੇ ਡਾਕਟਰ ਪਰੇਸ਼ਾਨ ਹੋ ਰਹੇ ਹਨ। ਜਾਣਕਾਰੀ ਮੁਤਾਬਕ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਡਾਕਟਰਾਂ ਦੀ ਡਿਊਟੀ ਰੂਮ 'ਚ ਡੈੱਡ ਬਾਡੀ ਰਜਿਸਟਰ ਕਾਫੀ ਦਿਨਾਂ ਤੋਂ ਭਰ ਚੁੱਕਾ ਹੈ ਅਤੇ ਡਾਕਟਰ ਇਸ ਬਾਬਤ ਮੈਡੀਕਲ ਸੁਪਰਡੈਂਟ ਦਫਤਰ ਕਹਿ ਚੱਕੇ ਹਨ ਕਿ ਨਵਾਂ ਰਜਿਸਟਰ ਉਨ੍ਹਾਂ ਨੂੰ ਦਿੱਤਾ ਜਾਵੇ ਤਾਂ ਜੋ ਪੁਲਸ ਵੱਲੋਂ ਲਿਆਈ ਜਾਣ ਵਾਲੀ ਡੈੱਡ ਬਾਡੀ ਦੀ ਉਹ ਐਂਟਰੀ ਕਰ ਸਕਣ ਪਰ ਡਾਕਟਰਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਨਤੀਜਾ ਡਾਕਟਰ ਜਿਵੇਂ ਹੀ ਹਸਪਤਾਲ 'ਚ ਆਉਣ ਵਾਲੀ ਡੈੱਡ ਬਾਡੀ ਦੀ ਐਂਟਰੀ ਰਜਿਸਟਰ 'ਚ ਕਰਨ ਲਈ ਰਜਿਸਟਰ ਖੋਲ੍ਹਦੇ ਹਨ ਤਾਂ ਜਗ੍ਹਾ ਨਾ ਹੋਣ ਕਾਰਨ ਓ. ਪੀ. ਡੀ. ਦੀ ਪਰਚੀ 'ਤੇ ਡੈੱਡ ਬਾਡੀ ਦਾ ਨਾਂ ਤੇ ਪਤਾ ਆਦਿ ਐਂਟਰੀ ਕਰਕੇ ਪਰਚੀ ਗੂੰਦ ਲਗਾ ਕੇ ਰਜਿਸਟਰ ਨਾਲ ਜੋੜੀ ਜਾ ਰਹੇ ਹਨ।
ਸਟਾਫ ਨਰਸਾਂ ਨੇ ਖੁਦ ਖਰੀਦਿਆ ਸੀ ਰਜਿਸਟਰ
ਨਾਂ ਨਾ ਛਾਪਣ ਦੀ ਸ਼ਰਤ 'ਤੇ ਇਕ ਡਾਕਟਰ ਨੇ ਦੱਸਿਆ ਕਿ ਲੱਗਦਾ ਹੈ ਕਿ ਹਸਪਤਾਲ ਕੋਲ ਰਜਿਸਟਰ ਖਰੀਦਣ ਨੂੰ ਪੈਸੇ ਲਈ ਫੰਡ ਨਹੀਂ ਰਿਹਾ ਤਾਂ ਹੀ ਡਾਕਟਰ ਦੇਸੀ ਜੁਗਾੜ ਕਰਕੇ ਕੰਮ ਚਲਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਸਟਾਫ ਨਰਸਾਂ ਨੂੰ ਵੀ ਮਰੀਜ਼ਾਂ ਦੀ ਐਂਟਰੀ ਕਰਨ ਵਾਲਾ ਰਜਿਸਟਰ ਕਾਫੀ ਸਮਾਂ ਦਫਤਰ ਤੋਂ ਜਾਰੀ ਨਹੀਂ ਹੋ ਰਿਹਾ ਸੀ, ਜਿਸ ਤੋਂ ਬਾਅਦ ਨਰਸਾਂ ਨੇ ਖੁਦ ਪੈਸੇ ਪਾ ਕੇ ਰਜਿਸਟਰ ਖਰੀਦਿਆ ਸੀ। ਸ਼ਾਇਦ ਹੁਣ ਹਸਪਤਾਲ ਦੇ ਅਧਿਕਾਰੀ ਵੀ ਇਹ ਹੀ ਚਾਹੁੰਦੇ ਹਨ ਕਿ ਡਾਕਟਰ ਖੁਦ ਪੈਸੇ ਖਰਚ ਕਰਕੇ ਰਜਿਸਟਰ ਬਾਹਰ ਤੋਂ ਖਰੀਦਣ ਤਾਂ ਜੋ ਹਸਪਤਾਲ ਦੇ ਪੈਸੇ ਬਚ ਸਕਣ।ਐਮਰਜੈਂਸੀ ਵਾਰਡ ਖੁਦ ਮੁਰੰਮਤ ਨੂੰ ਮੋਹਤਾਜ, ਪਖਾਨਿਆਂ ਦੇ ਟੁੱਟੇ ਦਰਵਾਜ਼ੇ
ਸਭ ਤੋਂ ਵੱਡੀ ਸ਼ਰਮਸਾਰ ਗੱਲ ਇਹ ਦੇਖਣ ਨੂੰ ਮਿਲੀ ਹੈ ਕਿ ਐਮਰਜੈਂਸੀ ਵਾਰਡ 'ਚ ਜਨਤਾ ਲਈ ਬਣੇ ਪਖਾਨਿਆਂ ਦੀ ਹਾਲਤ ਮਾੜੀ ਤੇ ਬਦਬੂਦਾਰ ਹੋਣ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਮਰੀਜ਼ਾਂ ਦੇ ਪਖਾਨਿਆਂ ਦੇ ਦਰਵਾਜ਼ੇ ਟੁੱਟਣ ਕਾਰਨ ਆਰ-ਪਾਰ ਸਭ ਦਿੱਸਣ ਲੱਗ ਪਿਆ ਹੈ। ਬੇਚਾਰੇ ਮਰੀਜ਼ ਪਖਾਨੇ ਦੀ ਵਰਤੋਂ ਕਰਨ ਤੋਂ ਪਹਿਲਾਂ ਕੱਪੜੇ ਆਦਿ ਨਾਲ ਦਰਵਾਜ਼ਾ ਢਕ ਕੇ ਜਾਂਦੇ ਹਨ ਅਤੇ ਡਾਕਟਰਾਂ ਅਤੇ ਸਟਾਫ ਦੇ ਪਖਾਨੇ ਸਾਫ ਤਾਂ ਜ਼ਰੂਰ ਹਨ ਪਰ ਅਮਰਜੈਂਸੀ 'ਚ ਬਣੇ ਡਾਕਟਰ ਰੂਮ ਦਾ ਹਾਲ ਠੀਕ ਨਹੀਂ ਹੈ ਉਸ ਦਾ ਦਰਵਾਜ਼ਾ ਟੁੱਟ ਚੁੱਕਾ ਹੈ ਅਤੇ ਟੇਪਾਂ ਲਾ ਕੇ ਉਸ ਨੂੰ ਟੈਂਪਰੇਰੀ ਜੋੜਿਆ ਗਿਆ ਹੈ।ਡਾਕਟਰਾਂ ਦੀ ਬੈਠਣ ਵਾਲੀ ਕੁਰਸੀ ਦਾ ਹਾਲ ਇਹ ਹੈ ਕਿ ਕੁਰਸੀ ਦਾ ਗੱਦਾ ਫਟਿਆ ਹੋਇਆ ਹੈ ਅਤੇ ਕੁਰਸੀ ਦੀ ਬਾਂਹ ਟੁੱਟੀ ਹੋਣ ਕਾਰਨ ਉਸ ਨੂੰ ਟੇਪਾਂ ਨਾਲ ਜੋੜ ਕੇ ਰੱਖਿਆ ਹੈ। ਇਸ ਬਾਬਤ ਹਸਪਾਲ ਦੀ ਮੈਡੀਕਲ ਸੁਪਰਡੈਂਟ ਦੇ ਫੋਨ 'ਤੇ ਗੱਲ ਕਰਨੀ ਚਾਹੀ ਪਰ ਸੰਪਰਕ ਨਹੀਂ ਹੋ ਸਕਿਆ।
0 comments:
Post a Comment