ਜੇ ਤੁਸੀਂ ਸੋਸ਼ਲ ਮੀਡੀਆ ਉੱਤੇ ਐਕਟਿਵ ਹੋ ਤਾਂ ਸੰਭਵ ਹੈ ਕਿ ਹਰਿਆਣਾ ਪੁਲਿਸ ਦਾ ਵਾਇਰਲ ਵੀਡੀਓ ਤੁਹਾਡੀ ਨਜ਼ਰੀਂ ਪਿਆ ਹੋਵੇ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਹਰਿਆਣਾ ਪੁਲਿਸ ਦੇ ਕੁਝ ਜਵਾਨ ਇੱਕ ਔਰਤ ਨੂੰ ਘੇਰ ਕੇ ਖੜ੍ਹੇ ਹਨ। ਰਾਤ ਦਾ ਸਮਾਂ ਹੈ ਅਤੇ ਇਹ ਪੁਲਿਸ ਵਾਲੇ ਉਸ ਔਰਤ ਨਾਲ ਪੁੱਛਗਿੱਛ ਕਰਦੇ ਹੋਏ ਆਪਣੀ ਬੈਲਟ ਨਾਲ ਕੁੱਟ ਰਹੇ ਹਨ। ਉਹ ਫ਼ਰੀਦਾਬਾਦ ਜ਼ਿਲ੍ਹੇ 'ਚ ਉਸਦੀ ਮੌਜੂਦਗੀ ਨੂੰ ਲੈ ਕੇ ਪੁੱਛਗਿੱਛ ਕਰ ਰਹੇ ਹਨ।
ਲਗਭਗ ਸਾਢੇ 4 ਮਿੰਟ ਦਾ ਇਹ ਵੀਡੀਓ ਪੁਲਿਸ ਦਾ ਹਿੰਸਕ ਚਿਹਰਾ ਦਿਖਾ ਰਿਹਾ ਹੈ। ਵੀਡੀਓ 'ਚ ਕੋਈ ਮਹਿਲਾ ਪੁਲਿਸਕਰਮੀ ਮੌਜੂਦ ਨਹੀਂ ਹੈ।
ਪੁਲਿਸ ਮੁਤਾਬਕ, ਇਹ ਵੀਡੀਓ ਲਗਭਗ 6 ਮਹੀਨੇ ਪੁਰਾਣਾ ਹੈ, ਜਦੋਂ ਫ਼ਰੀਦਾਬਾਦ ਸਥਿਤ ਆਦਰਸ਼ ਨਗਰ ਪੁਲਿਸ ਨੂੰ ਇੱਕ ਜਨਤਕ ਪਾਰਕ ਵਿੱਚ ਗ਼ਲਤ ਗਤੀਵਿਧੀਆਂ ਹੋਣ ਦੇ ਸਬੂਤ ਮਿਲੇ ਸਨ।
ਉੱਧਰ ਫ਼ਰੀਦਾਬਾਦ ਪੁਲਿਸ ਮੁਤਾਬਕ, ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਔਰਤ ਅਤੇ ਇੱਕ ਮਰਦ ਪਾਰਕ ਵਿੱਚ ਕੁਝ ਗ਼ਲਤ ਹਰਕਤਾਂ ਕਰ ਰਹੇ ਹਨ।
ਪੁਲਿਸ ਜਦੋਂ ਪਾਰਕ ਪਹੁੰਚੀ ਤਾਂ ਉਨ੍ਹਾਂ ਨੂੰ ਦੇਖਦੇ ਹੀ ਪਾਰਕ 'ਚ ਔਰਤ ਦੇ ਨਾਲ ਮੌਜੂਦ ਵਿਅਕਤੀ ਉੱਥੋਂ ਭੱਜ ਗਿਆ, ਜਦੋਂ ਕਿ ਪੁਲਿਸ ਨੇ ਔਰਤ ਨੂੰ ਫੜ ਲਿਆ।
ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਉਸ 'ਚ ਨਜ਼ਰ ਆ ਰਿਹਾ ਹੈ ਕਿ ਇੱਕ ਪੁਲਿਸ ਵਾਲਾ ਔਰਤ 'ਤੇ ਉਸ ਵਿਅਕਤੀ ਦੇ ਬਾਰੇ ਜਾਣਕਾਰੀ ਦੇਣ ਦਾ ਦਬਾਅ ਬਣਾ ਰਿਹਾ ਹੈ ਜਦੋਂ ਕਿ ਇੱਕ ਹੋਰ ਵਿਅਕਤੀ ਉਸ ਨੂੰ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਾ ਦੇਣ ਦੇ ਕਾਰਨ ਬੈਲਟ ਨਾਲ ਕੁੱਟ ਰਿਹਾ ਹੈ।
ਸੋਮਵਾਰ (27 ਮਈ) ਨੂੰ ਇਹ ਵੀਡੀਓ ਵਾਇਰਲ ਹੋਇਆ ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਆਈਪੀਸੀ ਦੀ ਧਾਰਾ 342/323/509 ਤਹਿਤ ਆਪਣੇ ਪੰਜ ਪੁਲਿਸਕਰਮੀਆਂ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਹੈ।
ਦੋ ਪੁਲਿਸਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਤਿੰਨ ਐਸਪੀਓਜ਼ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਹਨ।
ਏਡੀਜੀਪੀ ਲਾਅ ਐਂਡ ਆਰਡਰ ਨਵਦੀਪ ਵਿਰਕ ਨੇ ਦੱਸਿਆ ਕਿ ਇਹ ਮਾਮਲਾ ਅਕਤੂਬਰ 2018 ਦਾ ਹੈ ਪਰ ਪੀੜਤਾ ਨੇ ਪੁਲਿਸ ਕੋਲ ਇਸ ਖ਼ਿਲਾਫ਼ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ।
ਪੁਲਿਸ ਦਾ ਕਹਿਣਾ ਹੈ ਕਿ ਉਹ ਲੋਕ ਪੀੜਤ ਮਹਿਲਾ ਦੀ ਭਾਲ ਕਰ ਰਹੇ ਹਨ ਤਾਂ ਜੋ ਇਸ ਮਾਮਲੇ ਦੀ ਅੱਗੇ ਦੀ ਕਾਰਵਾਈ ਦੇ ਲਿਹਾਜ਼ ਨਾਲ ਉਸਦੇ ਬਿਆਨ ਦਰਜ ਕੀਤੇ ਜਾ ਸਕਣ।
ਫ਼ਰੀਦਾਬਾਦ ਦੇ ਕਮਿਸ਼ਨਰ ਆਫ਼ ਪੁਲਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪੁਲਿਸ ਦੇ ਅਕਸ ਨੂੰ ਤਾਰ-ਤਾਰ ਕਰਦੀਆਂ ਹਨ ਅਤੇ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਨੂੰ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਉੱਧਰ ਹਰਿਆਣਾ ਦੀ ਮਹਿਲੀ ਕਮਿਸ਼ਨ ਦੀ ਮੁਖੀ ਪ੍ਰਤਿਭਾ ਸੁਮਨ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਦੋਸ਼ੀ ਪੁਲਿਸਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਫ਼ਰੀਦਾਬਾਦ ਪੁਲਿਸ ਨੂੰ ਨੋਟਿਸ ਭੇਜਿਆ ਹੈ।
ਉਨ੍ਹਾਂ ਦਾ ਕਹਿਣਾ ਹੈ, ''ਅਸੀਂ ਉਨ੍ਹਾਂ ਨੂੰ ਐੱਫਆਈਆਰ ਦਰਜ ਕਰਨ ਨੂੰ ਕਿਹਾ ਹੈ ਅਤੇ ਉਨ੍ਹਾਂ ਨੂੰ 2-3 ਦਿਨਾਂ ਅੰਦਰ ਇਹ ਦੱਸਣ ਨੂੰ ਕਿਹਾ ਹੈ ਕਿ ਆਖ਼ਿਰ ਇੱਕ ਮਹਿਲਾ ਨਾਲ ਅਜਿਹੀ ਘਟਨਾ ਹੋ ਕਿਵੇਂ ਗਈ। ਜਦੋਂ ਮਾਮਲਾ ਇੱਕ ਮਹਿਲਾ ਦਾ ਸੀ ਤਾਂ ਉਸ ਸਮੇਂ ਕਿਉਂ ਨਹੀਂ ਕੋਈ ਮਹਿਲਾ ਪੁਲਿਸ ਮੌਕੇ 'ਤੇ ਸੀ।''
0 comments:
Post a Comment