ਸੱਤ ਮਹੀਨੇ ਦੀ ਗਰਭਵਤੀ ਨੀਤੂ ਤੇਜ਼ ਰਫ਼ਤਾਰ ਨਾਲ ਪਿੰਡ ਤੋਂ ਦੂਰ ਜੰਗਲ ਵਿੱਚ ਲੱਗੇ ਨਲਕੇ ਵੱਲ ਚੱਲੀ ਆ ਰਹੀ ਹੈ। ਉਹ ਆਪਣੀ ਜਠਾਣੀ ਨਾਲ ਪਾਣੀ ਭਰਨ ਆਈ ਹੈ।
ਉਨ੍ਹਾਂ ਨੇ ਛੇਤੀ ਤੋਂ ਛੇਤੀ ਦੋ ਘੜੇ ਪਾਣੀ ਭਰ ਕੇ ਵਾਪਿਸ ਪਰਤਣਾ ਹੈ ਤਾਂ ਜੋ ਘਰ ਦਾ ਬਾਕੀ ਕੰਮ ਕਰ ਸਕਣ।
ਦਿਨ ਵਿੱਚ ਤਿੰਨ ਵਾਰ ਕਰੀਬ ਦੋ ਕਿੱਲੋਮੀਟਰ ਦੂਰ ਸਥਿਤ ਨਲਕੇ ਤੋਂ ਪਾਣੀ ਭਰਨਾ ਉਨ੍ਹਾਂ ਦਾ ਹਰ ਰੋਜ਼ ਦਾ ਕੰਮ ਹੈ। ਪ੍ਰੈਗਨੈਂਸੀ ਵਿੱਚ ਵੀ ਉਨ੍ਹਾਂ ਨੂੰ ਇਸ ਤੋਂ ਫੁਰਸਤ ਨਹੀਂ ਮਿਲ ਸਕੀ।
ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਗੋਵਰਧਨ ਇਲਾਕੇ ਦੇ ਕਈ ਪਿੰਡਾਂ ਵਿੱਚ ਪੀਣ ਦੇ ਪਾਣੀ ਦੀ ਸਮੱਸਿਆ ਹੈ। ਨੀਮ ਪਿੰਡ ਵੀ ਇਨ੍ਹਾਂ ਵਿੱਚੋਂ ਇੱਕ ਹੈ।
ਸਿਰਫ਼ ਗਰਭਵਤੀ ਨੀਤੂ ਹੀ ਨਹੀਂ ਇਸ ਪਿੰਡ ਦੀਆਂ ਬੱਚੀਆਂ, ਔਰਤਾਂ ਅਤੇ ਬਜ਼ੁਰਗ ਮਹਿਲਾਵਾਂ ਵੀ ਪਾਣੀ ਢੋਹਣ ਲਈ ਮਜਬੂਰ ਹਨ।
ਇੱਥੇ ਜ਼ਮੀਨ ਦੇ ਹੇਠਾਂ ਦਾ ਪਾਣੀ ਖਾਰਾ ਹੈ। ਇਸ ਨੂੰ ਨਾ ਪੀਤਾ ਜਾ ਸਕਦਾ ਹੈ ਅਤੇ ਨਾ ਹੀ ਇਸ ਨਾਲ ਨਹਾਇਆ ਜਾ ਸਕਦਾ ਹੈ।
ਮਮਤਾ 15 ਸਾਲ ਪਹਿਲਾਂ ਨੀਮ ਪਿੰਡ ਵਿੱਚ ਵਿਆਹ ਕੇ ਆਈ ਸੀ। ਰੋਜ਼ਾਨਾ ਪਾਣੀ ਢੋਹਣ ਦੀ ਰੁਟੀਨ ਬਣ ਗਈ ਹੈ।
ਮਨੀਮ ਪਿੰਡ ਦੀ ਰਹਿਣ ਵਾਲੀ ਮਮਤਾ |
ਉਹ ਕਹਿੰਦੀ ਹੈ, "ਇੱਕ ਹੀ ਨਲਕਾ ਹੈ, ਸਾਰਾ ਖਾਰਾ ਪਾਣੀ ਹੈ। ਪੀਣ ਲਈ, ਕੱਪੜੇ ਧੋਣ ਲਈ, ਮੱਝਾਂ ਲਈ ਇਹੀ ਪਾਣੀ ਲੈ ਕੇ ਜਾਂਦੇ ਹਾਂ, ਬਹੁਤ ਦਿੱਕਤ ਹੈ। ਘਰ ਦਾ ਸਾਰਾ ਕੰਮ ਅਤੇ ਬੱਚਿਆਂ ਨੂੰ ਛੱਡ ਕੇ ਪਾਣੀ ਲੈਣ ਆਉਂਦੇ ਹਾਂ। ਦੋ-ਦੋ ਕਿੱਲੋਮੀਟਰ ਦੂਰ ਆਉਣਾ ਪੈਂਦਾ ਹੈ। ਇੱਥੇ ਪਾਣੀ ਭਰਨ ਲਈ ਇੱਕ-ਇੱਕ, ਡੇਢ-ਡੇਢ ਘੰਟਾ ਬੈਠਣਾ ਪੈਂਦਾ ਹੈ।''
''ਪਾਣੀ ਢੋਹ-ਢੋਹ ਕੇ ਸਿਰ ਦੇ ਵਾਲ ਉੱਡ ਗਏ ਹਨ। ਸਾਡੀ ਔਰਤਾਂ ਦੀ ਨਾ ਤਾਂ ਪ੍ਰਧਾਨ ਸੁਣਦਾ ਹੈ ਅਤੇ ਨਾ ਹੀ ਸਰਕਾਰ।''
'ਪਾਣੀ ਪਿੱਛੇ ਮਾਰ-ਕੁੱਟ ਵੀ ਹੋ ਜਾਂਦੀ ਹੈ'
ਪਿੰਡ ਵਿੱਚ ਸਿੰਚਾਈ ਦੇ ਲਈ ਆਈ ਇੱਕ ਸੰਕਰੀ ਨਹਿਰ ਦੇ ਕੋਲ ਇੱਕ ਖੂਹ ਅਤੇ ਇੱਕ ਦਰਖ਼ਤ ਹੈ। ਖੂਹ 'ਤੇ ਪਿੰਡ ਦੇ ਲੋਕ ਨਹਾਉਂਦੇ-ਧੋਂਦੇ ਹਨ ਅਤੇ ਨਲਕੇ ਤੋਂ ਔਰਤਾਂ ਘਰ ਲਈ ਪਾਣੀ ਭਰ ਕੇ ਲਿਜਾਉਂਦੀਆਂ ਹਨ।ਕਦੇ-ਕਦੇ ਇੱਥੇ ਐਨੀ ਭੀੜ ਹੋ ਜਾਂਦੀ ਹੈ ਕਿ ਮਾਰ-ਕੁੱਟ ਤੱਕ ਦੀ ਨੌਬਤ ਆ ਜਾਂਦੀ ਹੈ। ਅੱਠ ਹਜ਼ਾਰ ਦੀ ਆਬਾਦੀ ਦੇ ਇਸ ਪਿੰਡ ਵਿੱਚ ਅੱਜ ਤੱਕ ਸਰਕਾਰੀ ਪਾਣੀ ਦੀ ਟੰਕੀ ਤੱਕ ਨਹੀਂ ਪਹੁੰਚੀ ਹੈ।
ਉਹ ਕਹਿੰਦੀ ਹੈ, "ਇਹ ਨੀਮ ਪਿੰਡ ਹੈ, ਇੱਥੇ ਪਾਣੀ ਦੀ ਪਿਆਸੀ ਦੁਨੀਆ ਮਰਦੀ ਹੈ। ਪਰਦੇਸੀ ਮਰਦੇ ਹਨ ਇਸ ਪਿੰਡ ਵਿੱਚ ਪਾਣੀ ਦੇ ਪਿਆਸੇ। ਇੱਥੋਂ ਦੀਆਂ ਧੀਆਂ ਪਾਣੀ ਢੋਹ-ਢੋਹ ਕੇ ਮਰ ਜਾਣਗੀਆਂ। ਪਰ ਇੱਥੇ ਪਾਣੀ ਦੀ ਸਹੂਲਤ ਨਹੀਂ ਦਿਖੇਗੀ।''
ਸਲਮਾ ਵਰਗੀਆਂ ਪਿੰਡ ਦੀਆਂ ਲਗਭਗ ਸਾਰੀਆਂ ਔਰਤਾਂ ਨੂੰ ਸਵੇਰੇ-ਸ਼ਾਮ ਪਾਣੀ ਢੋਹਣਾ ਪੈਂਦਾ ਹੈ, ਉਹ ਕਹਿੰਦੀ ਹੈ ਕਈ ਵਾਰ ਇੱਕ ਹੀ ਚੱਕਰ ਵਿੱਚ ਦੋ-ਦੋ ਘੰਟੇ ਲੱਗ ਜਾਂਦੇ ਹਨ ਕਿਉਂਕਿ ਪਾਣੀ ਭਰਨ ਦਾ ਨੰਬਰ ਹੀ ਨਹੀਂ ਆਉਂਦਾ।
ਪਿੰਡ ਦੇ ਕੁਝ ਪੈਸੇ ਵਾਲੇ ਪਰਿਵਾਰ ਪੀਣ ਲਈ ਫਿਲਟਰ ਦਾ ਪਾਣੀ ਖਰੀਦ ਸਕਦੇ ਹਨ ਅਤੇ ਨਹਾਉਣ ਧੋਣ ਲਈ ਟੈਂਕਰ ਤੋਂ ਪਾਣੀ ਮੰਗਵਾ ਸਕਦੇ ਹਨ।
ਇੱਥੇ ਇੱਕ ਟੈਂਕਰ ਪਾਣੀ ਤਿੰਨ ਸੌ ਰੁਪਏ ਦਾ ਆਉਂਦਾ ਹੈ। ਜਿਨ੍ਹਾਂ ਪਰਿਵਾਰਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੈ ਉਨ੍ਹਾਂ ਨੂੰ ਵੀ ਇਹ ਖਰੀਦਣਾ ਪੈਂਦਾ ਹੈ। ਪਾਣੀ ਨੇ ਕਈ ਪਰਿਵਾਰਾਂ ਦਾ ਬਜਟ ਖਰਾਬ ਕਰ ਦਿੱਤਾ ਹੈ।
ਪਾਣੀ ਢੋਹਣ ਦਾ ਅਸਰ ਔਰਤਾਂ ਦੀ ਸਿਹਤ 'ਤੇ
ਦੁਪਹਿਰ ਲੰਘਦੇ ਹੀ ਨਲਕੇ 'ਤੇ ਔਰਤਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਦੋ-ਦੋ, ਚਾਰ-ਚਾਰ ਔਰਤਾਂ ਦੇ ਗਰੁੱਪ ਮਿੱਠੇ ਪਾਣੀ ਦੇ ਨਲਕੇ ਵੱਲ ਦੌੜਦੇ ਨਜ਼ਰ ਆਉਂਦੇ ਹਨ। ਪਾਣੀ ਢੋਹਣ ਦਾ ਅਸਰ ਔਰਤਾਂ ਦੀ ਸਿਹਤ 'ਤੇ ਵੀ ਸਾਫ਼ ਦਿਖਾਈ ਦਿੰਦਾ ਹੈ।
ਕੇਂਦਰ ਸਰਕਾਰ ਦੀਆਂ ਕਈ ਯੋਜਨਾਵਾਂ ਪਿੰਡ ਤੱਕ ਪਹੁੰਚੀਆਂ ਹਨ। ਇੱਥੇ ਬਿਜਲੀ ਵੀ ਆਉਂਦੀ ਹੈ ਅਤੇ ਪੱਕੀ ਸੜਕ ਵੀ ਲੰਘਦੀ ਹੈ। ਮੁਫ਼ਤ ਵਿੱਚ ਸਰਕਾਰੀ ਗੈਸ ਸਿਲੰਡਰ ਮਿਲਣ ਦੀ ਯੋਜਨਾ ਦੇ ਬਾਰੇ ਵੀ ਇੱਥੋਂ ਦੀਆਂ ਔਰਤਾਂ ਨੂੰ ਜਾਣਕਾਰੀ ਹੈ।
ਇੱਕ ਮਹਿਲਾ ਕਹਿੰਦੀ ਹੈ, "ਸਰਕਾਰ ਸਾਨੂੰ ਸਿਲੰਡਰ ਦੇਵੇ ਭਾਵੇਂ ਨਾ ਫ਼ਰਕ ਨਹੀਂ ਪੈਂਦਾ। ਪਾਣੀ ਦੇ ਦੇਣ ਬਹੁਤ ਫਰਕ ਪਵੇਗਾ। ਪਾਣੀ ਦੀ ਲੋੜ ਤਾਂ ਮੁਰਦਿਆਂ ਨੂੰ ਵੀ ਹੁੰਦੀ ਹੈ। ਜਦੋਂ ਇਨਸਾਨ ਮਰਦਾ ਹੈ ਤਾਂ ਉਸਦੇ ਮੂੰਹ ਵਿੱਚ ਵੀ ਪਾਣੀ ਹੀ ਪਾਉਂਦੇ ਹਾਂ। ਅਸੀਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਾਂ।''
ਪਿੰਡ ਵਿੱਚ ਪਾਣੀ ਦੇ ਸੰਕਟ ਦਾ ਸਭ ਤੋਂ ਵੱਧ ਬੋਝ ਔਰਤਾਂ 'ਤੇ ਹੀ ਪਿਆ ਹੈ। ਇਹ ਪੁੱਛਣ 'ਤੇ ਕੀ ਮਰਦ ਪਾਣੀ ਭਰਨ ਕਿਉਂ ਨਹੀਂ ਆਉਂਦੇ ਤਾਂ ਇੱਕ ਮਹਿਲਾ ਕਹਿੰਦੀ ਹੈ, "ਜੇਕਰ ਆਦਮੀ ਪਾਣੀ ਭਰਨ ਆਉਣਗੇ ਤਾਂ ਪਰਿਵਾਰ ਦਾ ਢਿੱਡ ਭਰਨ ਲਈ ਕੰਮ ਕੌਣ ਕਰੇਗਾ।''
ਨੀਮ ਪਿੰਡ ਦੀ ਮੀਨਾ ਨੇ ਇਸ ਵਾਰ ਬਾਹਰਵੀਂ ਦੀ ਪ੍ਰੀਖਿਆ ਦਿੱਤੀ ਹੈ। ਉਹ ਕਹਿੰਦੀ ਹੈ, "ਪਾਣੀ ਭਰਨ ਲਈ ਕਈ ਚੱਕਤਰ ਲਗਾਉਣੇ ਪੈਂਦੇ ਹਨ। ਸਕੂਲ ਲਈ ਦੇਰੀ ਹੋ ਜਾਂਦੀ ਹੈ। ਘਰ ਵਿੱਚ ਵੀ ਪੜ੍ਹਾਈ ਲਈ ਪੂਰਾ ਸਮਾਂ ਨਹੀਂ ਮਿਲਦਾ। ਬੱਚੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।''
ਨੀਮ ਪਿੰਡ ਦੇ ਲੋਕਾਂ ਨੂੰ ਨੌਜਵਾਨ ਪ੍ਰਧਾਨ ਯੋਗੇਸ਼ ਤੋਂ ਬਹੁਤ ਉਮੀਦਾਂ ਹਨ। ਯੋਗੇਸ਼ ਕਹਿੰਦੇ ਹਨ ਕਿ ਪਿੰਡ ਵਿੱਚ ਟੰਕੀ ਲਗਵਾਉਣ ਲਈ ਢਾਈ ਕਰੋੜ ਤੋਂ ਵੱਧ ਦਾ ਖਰਚਾ ਆ ਰਿਹਾ ਹੈ ਜਿਹੜਾ ਪਿੰਡ ਦੇ ਪ੍ਰਧਾਨ ਦੇ ਬਜਟ ਤੋਂ ਬਾਹਰ ਹੈ।
ਉਹ ਕਹਿੰਦੇ ਹਨ, "ਅਸੀਂ ਪ੍ਰਸਤਾਵ ਮਨਜ਼ੂਰ ਕਰਕੇ ਟੰਕੀ ਲਈ ਥਾਂ ਦੇ ਦਿੱਤੀ ਹੈ। ਜ਼ਿਲ੍ਹਾ ਅਧਿਕਾਰੀ ਅਤੇ ਸਥਾਨਕ ਨੇਤਾਵਾ ਨੇ ਛੇਤੀ ਲਗਵਾਉਣ ਦਾ ਭਰੋਸਾ ਦਵਾਇਆ ਹੈ। ਪਰ ਸਾਨੂੰ ਕਈ ਸਾਲ ਤੋਂ ਸਿਰਫ਼ ਭਰੋਸਾ ਹੀ ਮਿਲ ਰਿਹਾ ਹੈ। ਉਮੀਦ ਹੈ ਸਰਕਾਰ ਸਾਡੇ ਪਿੰਡ ਦੀਆਂ ਔਰਤਾਂ ਦਾ ਦਰਦ ਸਮਝੇਗੀ।''
ਪਾਣੀ ਬਾਰੇ ਜਾਗਰੂਕਤਾ ਵੀ ਨਹੀਂ
ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਪਾਣੀ ਦੀ ਅਜਿਹੀ ਦੀ ਕਿੱਲਤ ਹੈ ਪਰ ਉੱਥੇ ਟੰਕੀ ਲੱਗ ਜਾਣ ਜਾਂ ਨਿੱਜੀ ਪਾਈਪਲਾਈਨ ਵਿਛ ਜਾਣ ਕਾਰਨ ਲੋਕਾਂ ਦੀ ਜ਼ਿੰਦਗੀ ਕੁਝ ਸੌਖੀ ਹੋਈ ਹੈ।ਇਸੇ ਖੇਤਰ ਦੇ ਸਹਾਰ ਪਿੰਡ ਵਿੱਚ 15 ਦਿਨਾਂ ਤੱਕ ਪਾਣੀ ਨਹੀਂ ਆਇਆ ਤਾਂ ਲੋਕਾਂ ਨੂੰ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰਨਾ ਪਿਆ। ਹੁਣ ਇੱਥੇ ਪਾਣੀ ਆਇਆ ਹੈ। ਪਰ ਪਾਣੀ ਬਚਾਉਣ ਦੀ ਜਾਗਰੂਕਤਾ ਨਹੀਂ ਆਈ।
ਇਸ ਪਿੰਡ ਵਿੱਚ ਕਈ ਲੋਕ ਸਰਕਾਰੀ ਟੂਟੀ ਤੋਂ ਆ ਰਹੇ ਪਾਣੀ ਨਾਲ ਬਾਈਕ ਧੋਂਦੇ ਅਤੇ ਮੱਝਾਂ ਨੂੰ ਨਹਾਉਂਦੇ ਹੋਏ ਨਜ਼ਰ ਆਏ। ਜਿਹੜਾ ਪਿੰਡ ਚਾਰ ਦਿਨ ਪਹਿਲਾਂ ਹੀ ਪਾਣੀ ਦੀ ਬੰਦ-ਬੂੰਦ ਲਈ ਤਰਸ ਰਿਹਾ ਸੀ ਉੱਥੇ ਵੀ ਪਾਣੀ ਬਚਾਉਣ ਪ੍ਰਤੀ ਜਾਗਰੂਕਤਾ ਨਹੀਂ ਹੈ।
ਮਥੁਰਾ ਦੇ ਸਥਾਨਕ ਪੱਤਰਕਾਰ ਸੁਰੇਸ਼ ਸੈਣੀ ਕਹਿੰਦੇ ਹਨ, "ਬ੍ਰਜ ਖੇਤਰ ਵਿੱਚ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ। ਪੇਂਡੂ ਖੇਤਰਾਂ ਵਿੱਚ ਔਰਤਾਂ ਨੂੰ ਕਈ-ਕਈ ਕਿੱਲੋਮੀਟਰ ਦੂਰੋਂ ਸਿਰ ਤੋਂ ਪਾਣੀ ਢੋਹ ਕੇ ਲਿਆਉਣਾ ਪੈਂਦਾ ਹੈ।"
"ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਦਿਸ਼ਾ ਵਿੱਚ ਕੋਈ ਲੋੜੀਂਦੇ ਕਦਮ ਨਹੀਂ ਚੁੱਕੇ। ਸਾਂਸਦ ਹੇਮਾ ਮਾਲਿਨੀ ਨੇ ਇਸ 'ਤੇ ਕਈ ਵਾਰ ਚਿੰਤਾ ਜ਼ਰੂਰ ਜ਼ਾਹਰ ਕੀਤੀ ਪਰ ਠੋਸ ਕੰਮ ਉਨ੍ਹਾਂ ਨੇ ਵੀ ਨਹੀਂ ਕੀਤਾ। ਜਨਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੇਹਾਲ ਹੈ।''
ਮਥੁਰਾ ਦੇ ਇਨ੍ਹਾਂ ਪਿੰਡਾਂ ਦੀ ਇਹ ਸਮੱਸਿਆ ਕੁਦਰਤੀ ਹੈ। ਇੱਥੇ ਮਿੱਠਾ ਪਾਣੀ ਜ਼ਮੀਨ ਦੇ ਹੇਠਾਂ ਘੱਟ ਹੀ ਥਾਵਾਂ 'ਤੇ ਉਪਲਬਧ ਹੈ।
ਅਲੀਗੜ੍ਹ ਵਿੱਚ ਵੀ ਪਾਣੀ ਦੀ ਵੱਡੀ ਕਿੱਲਤ
ਇੱਥੋਂ ਕਰੀਬ 70 ਕਿੱਲੋਮੀਟਰ ਦੂਰ ਅਲੀਗੜ੍ਹ ਦੀ ਦਲਿਤ ਬਸਤੀ ਡੋਰੀ ਨਗਰ ਵਿੱਚ ਵੀ ਵਿਸ਼ਾਲ ਜਲ ਸੰਕਟ ਹੈ। ਪਰ ਇੱਥੇ ਕਾਰਨ ਕੁਦਰਤੀ ਨਹੀਂ ਮਨੁੱਖਾਂ ਵੱਲੋਂ ਪੈਦਾ ਕੀਤੇ ਗਏ ਹਨ।
ਗੰਗਾ ਅਤੇ ਯਮੁਨਾ ਵਿਚਾਲੇ ਦੋਆਬੇ ਖੇਤਰ ਦੇ ਇਸ ਇਲਾਕੇ ਵਿੱਚ ਕਦੇ ਜਲ ਸੰਕਟ ਨਹੀਂ ਰਿਹਾ ਪਰ ਹੁਣ ਇੱਥੇ ਵੀ ਪਾਣੀ ਦੀ ਸਮੱਸਿਆ ਹੋਣ ਲੱਗੀ ਹੈ।
ਇੱਥੇ ਲੱਗੇ ਸਰਕਾਰੀ ਹੈਂਡਪੰਪ ਸੁੱਕ ਗਏ ਹਨ। ਜ਼ਮੀਨੀ ਪਾਣੀ ਲਈ ਜੋ ਨਿੱਜੀ ਸਬਮਰਸੀਬਲ ਪੰਪ ਲੋਕਾਂ ਨੇ ਲਗਵਾਏ ਸਨ ਉਨ੍ਹਾਂ ਵਿੱਚੋਂ ਵੀ ਪਾਣੀ ਨਹੀਂ ਆ ਰਿਹਾ।
ਡੋਰੀ ਨਗਰ ਦੀ ਰਹਿਣ ਵਾਲੀ ਮੀਨਾ ਦੇ ਪਰਿਵਾਰ ਨੇ 20 ਹਜ਼ਾਰ ਰੁਪਏ ਕਰਜ਼ਾ ਲੈ ਕੇ ਘਰ ਵਿੱਚ ਸਬਮਰਸੀਬਲ ਪੰਪ ਲਗਵਾਇਆ ਸੀ ਤਾਂ ਜੋ ਪਾਣੀ ਸੌਖਾ ਉਪਲਬਧ ਹੋ ਸਕੇ।
ਪਰ ਜਲ ਪੱਧਰ ਹੇਠਾਂ ਆ ਗਿਆ ਤਾਂ ਹੁਣ ਉਨ੍ਹਾਂ ਦੇ ਅਤੇ ਆਲੇ-ਦੁਆਲੇ ਦੇ ਘਰਾਂ ਦੇ ਸਬਮਰਸੀਬਲ ਪੰਪਾਂ ਨੇ ਪਾਣੀ ਛੱਡ ਦਿੱਤਾ ਹੈ। ਇੱਥੋਂ ਦੇ ਲੋਕ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਹਨ।
ਸਬਮਰਸੀਬਲ ਪੰਪਾਂ ਵਿੱਚ ਵੀ ਨਹੀਂ ਆਉਂਦਾ ਪਾਣੀ
ਮੀਨਾ ਨੇ 100 ਰੁਪਏ ਮਹੀਨਾ ਵਸੂਲੀ ਵਾਲਾ ਨਗਰ ਪਾਲਿਕਾ ਦੀ ਟੂਟੀ ਵੀ ਲਗਵਾਈ ਹੈ ਪਰ ਉਸ ਵਿੱਚ ਵੀ ਪਾਣੀ ਨਹੀਂ ਆਉਂਦਾ।
ਉਹ ਕਹਿੰਦੀ ਹੈ, "200 ਫੁੱਟ ਵਾਲੇ ਬੋਰਿੰਗ 'ਤੇ ਹੁਣ 80 ਹਜ਼ਾਰ ਰੁਪਏ ਖਰਚ ਹੋਣਗੇ। ਨਾ ਸਾਡੇ ਕੋਲ 80 ਹਜ਼ਾਰ ਰੁਪਏ ਹੋਣਗੇ ਅਤੇ ਨਾ ਹੀ ਘਰ ਵਿੱਚ ਪਾਣੀ ਆਵੇਗਾ।"
ਇੱਥੇ ਰਹਿਣ ਵਾਲੀਆਂ ਲਗਭਗ ਸਾਰੀਆਂ ਔਰਤਾਂ ਦੀ ਕਹਾਣੀ ਅਜਿਹੀ ਹੀ ਹੈ। ਨੇੜੇ ਦੀਆਂ ਗਲੀਆਂ ਵਿੱਚ ਦਰਜਨਾਂ ਸਰਕਾਰੀ ਹੈਂਡਪੰਪ ਲੱਗੇ ਹਨ ਪਰ ਪਾਣੀ ਕਿਸੇ ਵਿੱਚ ਵੀ ਨਹੀਂ ਆ ਰਿਹਾ।
ਸੁਨੀਤਾ ਕਹਿੰਦੀ ਹੈ, "ਅਸੀਂ ਸਰਕਾਰੀ ਟੰਕੀ ਲਗਵਾ ਰੱਖੀ ਹੈ, ਹਰ ਮਹੀਨੇ ਬਿੱਲ ਤਾਂ ਆ ਜਾਂਦਾ ਹੈ ਪਰ ਪਾਣੀ ਨਹੀਂ ਆਉਂਦਾ। ਸਰਕਾਰੀ ਹੈਂਡਪੰਪ ਵੀ ਸੁੱਕ ਗਏ ਹਨ।"
"ਘਰ ਵਿੱਚ ਸਬਮਰਸੀਬਲ ਹੈ ਪਰ ਉਸ ਵਿੱਚ ਵੀ ਪਾਣੀ ਨਹੀਂ ਆਉਂਦਾ। ਬੂੰਦ-ਬੂੰਦ ਪਾਣੀ ਲਈ ਪਤਾ ਨਹੀਂ ਕਿੱਥੇ-ਕਿੱਥੇ ਘੁੰਮਣਾ ਪੈਂਦਾ ਹੈ। ਕਿਤੇ ਪਾਣੀ ਨਹੀਂ ਮਿਲਦਾ। ਅਸੀਂ ਕੀ ਕਰੀਏ, ਇੱਥੋਂ ਕਿੱਥੇ ਜਾਈਏ?"
ਡੋਰੀ ਨਗਰ ਵਿੱਚ ਹੀ ਰਹਿਣ ਵਾਲੀ ਪ੍ਰੇਮਵਤੀ ਕਹਿੰਦੀ ਹੈ, "ਨਾ ਬੱਚਿਆਂ ਦੇ ਨਹਾਉਣ ਲਈ ਪਾਣੀ ਹੈ, ਨਾ ਪੀਣ ਲਈ ਪਾਣੀ ਹੈ। ਪਾਣੀ ਬਿਨਾਂ ਤਾਂ ਕੁਝ ਵੀ ਨਹੀਂ ਹੈ। ਪਰ ਸਾਡੀ ਸਮੱਸਿਆ ਕੋਈ ਸਮਝੇ ਤਾਂ।"
ਪ੍ਰੇਮਵਤੀ ਦੀ ਆਵਾਜ਼ ਵਿੱਚ ਆਵਾਜ਼ ਮਿਲਾਉਂਦੇ ਹੋਏ ਇੱਕ ਹੋਰ ਔਰਤ ਕਹਿੰਦੀ ਹੈ, "ਐਨੀ ਗਰਮੀ ਪੈ ਰਹੀ ਹੈ ਨਾ ਨਹਾਉਣ ਨੂੰ ਪਾਣੀ ਹੈ ਅਤੇ ਨਾ ਹੀ ਕੱਪੜੇ ਧੋਣ ਨੂੰ। ਤਿੰਨ-ਚਾਰ ਦਿਨ ਤੱਕ ਗੰਦੇ ਕੱਪੜੇ ਪਾ ਕੇ ਰੱਖਦੇ ਹਾਂ। ਕੀ ਕਰੀਏ, ਜਾਨਵਰਾਂ ਦੀ ਤਰ੍ਹਾਂ ਨਾਲੀ ਵਿੱਚ ਡੁੱਬ ਜਾਈਏ?"
''ਸਾਨੂੰ ਕੁਝ ਹੋਰ ਨਹੀਂ ਚਾਹੀਦਾ ਸਿਰਫ਼ ਪਾਣੀ ਚਾਹੀਦਾ ਹੈ। ਪਹਿਲਾਂ ਹੱਥ ਵਾਲੇ ਨਲਕੇ ਸਨ। ਉਨ੍ਹਾਂ ਦਾ ਪਾਣੀ ਚਲਾ ਗਿਆ। ਫਿਰ ਸਬਮਰਸੀਬਲ ਲਗਵਾਏ ਤੇ ਉਨ੍ਹਾਂ ਦਾ ਵੀ ਪਾਣੀ ਚਲਾ ਗਿਆ। ਸਭ ਤੋਂ ਵੱਧ ਲੋੜ ਪਾਣੀ ਦੀ ਹੈ। ਆਟਾ ਪਾਣੀ ਨਾਲ ਹੀ ਗੁਨਾਂਗੇ, ਸਬਜ਼ੀ ਪਾਣੀ ਨਾਲ ਹੀ ਬਣਾਵਾਂਗੇ।''
ਡੋਰੀ ਨਗਰ ਦੇ ਇਸ ਇਲਾਕੇ ਵਿੱਚ ਹਮੇਸ਼ਾ ਹਾਲਾਤ ਅਜਿਹੇ ਨਹੀਂ ਸਨ। ਪਿਛਲੇ ਸਾਲ ਤੱਕ ਇੱਥੇ ਸਬਮਰਸੀਬਲ ਪਾਣੀ ਦੇ ਰਿਹਾ ਸੀ ਅਤੇ ਲੋਕਾਂ ਨੇ ਜਲ ਸੰਕਟ ਬਾਰੇ ਸੋਚਿਆ ਵੀ ਨਹੀਂ ਸੀ।
ਇਸੇ ਬਸਤੀ ਵਿੱਚ ਰਹਿਣ ਵਾਲੇ ਧਰਮਵੀਰ ਸਿੰਘ ਦੱਸਦੇ ਹਨ ਕਿ ਪਹਿਲਾਂ ਨਲਕਿਆਂ ਵਿੱਚ ਪਾਣੀ ਆਉਂਦਾ ਸੀ।
"ਅਸੀਂ 90 ਦੇ ਦਹਾਕੇ ਤੋਂ ਇੱਥੇ ਰਹਿ ਰਹੇ ਹਾਂ। ਇੱਥੇ ਪਹਿਲਾਂ 50 ਫੁੱਟ ਤੱਕ ਪਾਣੀ ਸੀ। ਫਿਰ 100 ਫੁੱਟ 'ਤੇ ਪਹੁੰਚਿਆ ਤੇ ਹੁਣ ਸਬਮਰਸੀਬਲ ਨੇ ਵੀ ਪਾਣੀ ਦੇਣਾ ਬੰਦ ਕਰ ਦਿੱਤਾ ਹੈ। ਪਤਾ ਨਹੀਂ ਪਾਣੀ ਕਿੱਥੇ ਚਲਾ ਗਿਆ ਕੁਝ ਸਮਝ ਨਹੀਂ ਆ ਰਿਹਾ।"
ਜਲ ਹੀ ਜੀਵਨ ਹੈ ਵਰਗੇ ਨਾਅਰੇ
ਉੱਤਰ ਪ੍ਰਦੇਸ਼ ਭੂ-ਜਲ ਵਿਭਾਗ ਵਿੱਚ ਆਗਰਾ ਮੰਡਲ ਦੇ ਸੀਨੀਅਰ ਜਿਓਫਿਜਿਸਿਸਟ ਧਰਮਵੀਰ ਸਿੰਘ ਰਾਠੋਰ ਕਹਿੰਦੇ ਹਨ, "ਜਲ ਸੰਕਟ ਨਾਲ ਨਿਪਟਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਪੈਣਗੇ। ਹੁਣ ਜਾਗਰੂਕਤਾ ਹੀ ਇਸਦਾ ਹੱਲ ਹੈ।''ਉਹ ਕਹਿੰਦੇ ਹਨ, "ਜਨਸੰਖਿਆ ਲਗਾਤਾਰ ਵਧ ਰਹੀ ਹੈ ਜਿਸ ਨਾਲ ਭਾਰਤ ਵਿੱਚ ਪਾਣੀ ਦੀ ਵਰਤੋਂ ਵੀ ਵਧ ਰਹੀ ਹੈ। ਜਦੋਂ ਤੱਕ ਜਨਸੰਖਿਆ ਕਾਬੂ ਵਿੱਚ ਨਹੀਂ ਆਵੇਗੀ ਜਲ ਸੰਕਟ ਹੋਰ ਵਧੇਗਾ।''
ਉਹ ਕਹਿੰਦੇ ਹਨ, "ਭਾਰਤ, ਅਮਰੀਕਾ ਅਤੇ ਚੀਨ ਤੋਂ ਪੰਜ ਗੁਣਾ ਵੱਧ ਭੂ-ਜਲ ਦੀ ਵਰਤੋਂ ਕਰਦਾ ਹੈ। ਅਮਰੀਕਾ ਅਤੇ ਚੀਨ ਕੋਲ ਭਾਰਤ ਤੋਂ ਵੱਧ ਤਕਨੀਕ ਹੈ ਪਰ ਤਕਨੀਕੀ ਰੂਪ ਤੋਂ ਵਿਕਸਿਤ ਇਹ ਦੇਸ ਵੀ ਬਹੁਤ ਸੋਚ ਸਮਝ ਕੇ ਪਾਣੀ ਦੀ ਵਰਤੋਂ ਕਰਦੇ ਹਨ। ਪਰ ਅਸੀਂ ਲਗਾਤਾਰ ਪਾਣੀ ਵਰਤਦੇ ਜਾ ਰਹੇ ਹਾਂ।''
ਅਲੀਗੜ੍ਹ ਅਤੇ ਮਥੁਰਾ ਦੇ ਜਲ ਸੰਕਟ ਬਾਰੇ ਉਹ ਕਹਿੰਦੇ ਹਨ,''ਇੱਥੇ ਭੂ-ਜਲ ਦੀ ਵਧੇਰੇ ਵਰਤੋਂ ਨਾਲ ਇਹ ਸੰਕਟ ਪੈਦਾ ਹੋ ਰਿਹਾ ਹੈ। ਪਰ ਅਜੇ ਵੀ ਭੂ-ਜਲ ਵਰਤੋਂ 'ਤੇ ਕੋਈ ਕਾਨੂੰਨ ਨਹੀਂ ਹੈ।"
"ਅੰਡਰਗ੍ਰਾਊਂਡ ਵਾਟਰ ਬਿੱਲ 'ਤੇ ਕੰਮ ਚੱਲ ਰਿਹਾ ਹੈ। ਇਸ ਬਿੱਲ ਵਿੱਚ ਪਾਣੀ ਨੂੰ ਬਚਾਉਣ ਅਤੇ ਸੁਰੱਖਿਅਤ ਕਰਨ ਨੂੰ ਲੈ ਕੇ ਕਈ ਪ੍ਰਬੰਧ ਹਨ ਜਿਹੜੇ ਕਾਰਗਰ ਸਾਬਤ ਹੋ ਸਕਦੇ ਹਨ।''
ਪਿੰਡ ਪਿੰਡ ਵਿੱਚ ਜਲ ਹੀ ਜੀਵਨ ਹੈ ਅਤੇ ਜਲ ਹੈ ਤਾਂ ਕੱਲ ਹੈ ਵਰਗੇ ਨਾਅਰੇ ਕੰਧਾਂ 'ਤੇ ਲਿਖੇ ਨਜ਼ਰ ਆਉਂਦੇ ਹਨ। ਰਾਠੋਰ ਕਹਿੰਦੇ ਹਨ ਕਿ ਸਿਰਫ਼ ਨਾਅਰੇ ਦੇਣ ਨਾਲ ਪਾਣੀ ਸੰਕਟ ਦਾ ਹੱਲ ਨਹੀਂ ਹੋਵੇਗਾ।
ਮਥੁਰਾ ਦੇ ਨੀਮ ਪਿੰਡ ਅਤੇ ਅਲੀਗੜ੍ਹ ਦੇ ਡੋਰੀ ਨਗਰ ਵਾਂਗ ਹੀ ਜਲ ਸੰਕਟ ਦੇ ਦੇਸ ਦੇ ਕਈ ਹਿੱਸਿਆਂ ਵਿੱਚ ਹੈ। ਭਖੀ ਗਰਮੀ ਵਿੱਚ ਅੱਧੀ ਤੋਂ ਵੱਧ ਆਬਾਦੀ ਬੂੰਦ-ਬੂੰਦ ਪਾਣੀ ਲਈ ਤਰਸ ਰਹੀ ਹੈ।
0 comments:
Post a Comment