ਜਵਾਨਾਂ ਦੀ ਬਹਾਦਰੀ ਤੇ ਜਜ਼ਬੇ ਨੂੰ ਸਲਾਮ ਕਰਦਾ ਹਾਂ-ਰਾਜਨਾਥ

ਸ੍ਰੀਨਗਰ, 3 ਜੂਨ (ਮਨਜੀਤ ਸਿੰਘ)-ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਰੱਖਿਆ ਮੰਤਰਾਲੇ ਦਾ ਅਹੁਦਾ ਸੰਭਾਲਣ ਬਾਅਦ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਲਦਾਖ ਖੇਤਰ ਸਥਿਤ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਿਨ ਗਲੇਸ਼ੀਅਰ ਦੇ ਪਹਿਲੇ ਦੌਰੇ 'ਤੇ ਪਹੁੰਚੇ। ਉਨ੍ਹਾਂ ਉੱਥੇ ਤਾਇਨਾਤ ਜਵਾਨਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਇਆ।


ਰੱਖਿਆ ਮੰਤਰੀ ਲੇਹ ਦੇ ਥਿਕਸੇ ਹਵਾਈ ਅੱਡੇ 'ਤੇ ਫ਼ੌਜ ਮੁਖੀ ਬਿਪਿਨ ਰਾਵਤ ਦੇ ਇਲਾਵਾ ਉੱਤਰੀ ਕਮਾਨ ਦੇ ਮੁਖੀ ਲੈਫ. ਜਨਰਲ ਰਣਬੀਰ ਸਿੰਘ ਸਮੇਤ ਕਈ ਉੱਚ ਫ਼ੌਜੀ ਅਧਿਕਾਰੀਆਂ ਨਾਲ ਪਹੁੰਚੇ, ਜਿੱਥੋਂ ਉਹ ਸਿੱਧੇ ਸਿਆਚਿਨ ਸਥਿਤ ਫ਼ੌਜ ਦੇ ਆਪ੍ਰੇਸ਼ਨ ਬੇਸ 'ਤੇ ਗਏ। ਉਨ੍ਹਾਂ ਜੰਗੀ ਯਾਦਗਾਰ 'ਤੇ ਡਿਊਟੀ ਦੌਰਾਨ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ।

ਰਾਜਨਾਥ ਸਿੰਘ ਨੇ ਸਿਆਚਿਨ ਸਥਿਤ ਤਾਇਨਾਤ ਫ਼ੌਜੀ ਜਵਾਨਾਂ ਤੇ ਅਧਿਕਾਰੀਆਂ ਨਾਲ ਰੂਬਰੂ ਹੋ ਕੇ ਗੱਲਬਾਤ ਕਰਦੇ ਹੋਏ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ਫ਼ੌਜ ਦੇ ੳੁੱਚ ਕਮਾਂਡਰਾਂ ਨਾਲ ਸਿਆਚਿਨ ਗਲੇਸ਼ੀਅਰ 'ਤੇ ਫੌਜ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਅਤੇ ਹਾਲਾਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੂੰ ਲਦਾਖ ਸਥਿਤ 14 ਕੋਰ ਅਤੇ ਲਦਾਖ ਤੇ ਸ੍ਰੀਨਗਰ ਵਾਪਸੀ 'ਤੇ 15 ਕੋਰ ਦੇ ਹੈੱਡਕੁਆਰਟਰ ਸਥਿਤ ਬਾਦਾਮੀਬਾਗ ਵਿਖੇ ਜੇ.ਓ.ਸੀ. ਕਮਲਜੀਤ ਸਿੰਘ ਢਿੱਲੋਂ ਨੇ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ ਸਥਿਤ ਕੁਮਾਰ ਪੋਸਟ ਦਾ ਵੀ ਦੌਰਾ ਕੀਤਾ। ਫੌਜੀ ਬੁਲਾਰੇ ਕਰਨਲ ਰਾਜੇਸ਼ ਕਾਲੀਆ ਅਨੁਸਾਰ ਰੱਖਿਆ ਮੰਤਰੀ ਨੇ ਗਲੇਸ਼ੀਅਰ ਦੀ ਪੱਟੀ ਦਾ ਹੈਲੀਕਾਪਟਰ ਰਾਹੀਂ ਨਿਰੀਖਣ ਕੀਤਾ ਤੇ ਚੌਕੀ ਕੁਮਾਰ ਪੋਸਟ 'ਤੇ ਤਾਇਨਾਤ ਜਵਾਨਾਂ ਤੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਸਿਆਚਿਨ ਵਰਗੇ ਸਖ਼ਤ ਇਲਾਕੇ 'ਚ ਤਾਇਨਾਤ ਰਹਿਣ ਲਈ ਜਵਾਨਾਂ ਤੇ ਅਧਿਕਾਰੀਆਂ ਦੀ ਦੇਸ਼ ਵਲੋਂ ਸ਼ਲਾਘਾ ਕੀਤੀ।

ਸਿਆਚਿਨ ਵਿਖੇ ਕਈ ਫੌਜੀ ਚੌਕੀਆਂ ਸਮੁੰਦਰੀ ਸਤ੍ਹਾ 'ਤੋਂ 20 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਹਨ ਤੇ ਇੱਥੇ ਦਾ ਤਾਪਮਾਨ ਸਰਦੀਆਂ ਦੌਰਾਨ ਮਨਫ਼ੀ 70 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਜਿਸ ਨਾਲ ਇਹ ਖੇਤਰ ਦੁਨੀਆ ਦਾ ਸਭ 'ਤੋਂ ਠੰਢਾ ਅਤੇ ਖ਼ਤਰਨਾਕ ਜੰਗੀ ਖੇਤਰ ਗਿਣਿਆ ਜਾਂਦਾ ਹੈ।
Share on Google Plus

About Ravi

0 comments:

Post a Comment