ਹਾਏ ਬੇਰੁਜ਼ਗਾਰੀ ! ਪੜ੍ਹਾਈ M.A. B.Ed. ਤੇ TET, ਪਰ ਵੇਚਣੇ ਪੈ ਰਹੇ ਹਨ ਅਖ਼ਬਾਰ ਤੇ ਸਬਜ਼ੀਆਂ

ਸੰਗਰੂਰ – ਹਰ ਬੱਚੇ ਨੂੰ ਵਿੱਦਿਆ ਦਾ ਮਹੱਤਵ, ਮਾਪੇ ਉਸ ਦੀ ਸਕੂਲੀ ਸਿੱਖਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਮਝਾਉਣਾ ਸ਼ੁਰੂ ਕਰ ਦਿੰਦੇ ਹਨ, ਅਤੇ ਸਾਰੇ ਮਾਪੇ ਆਪਣੇ ਬੱਚੇ ਨੂੰ ਵੱਧ ਤੋਂ ਵੱਧ ਸਿੱਖਿਆ ਦੇਣ ਦਾ ਜੀ-ਤੋੜ ਯਤਨ ਕਰਦੇ ਹਨ, ਤਾਂ ਕਿ ਚੰਗੀ ਸਿੱਖਿਆ ਨਾਲ ਉਨ੍ਹਾਂ ਦੀ ਔਲਾਦ ਦਾ ਭਵਿੱਖ ਰੌਸ਼ਨ ਹੋਵੇ। ਪਰ ਜੇ ਚੰਗੀ ਸਿੱਖਿਆ ਹਾਸਲ ਕਰਨ ਦੇ ਬਾਵਜੂਦ ਨੌਜਵਾਨਾਂ ਦੇ ਜੀਰੀ ਲਾਉਣ, ਸਬਜ਼ੀਆਂ ਵੇਚਣ ਜਾਂ ਦਿਹਾੜੀਆਂ ਕਰਨ ਦੀਆਂ ਖ਼ਬਰਾਂ ਸਾਹਮਣੇ ਆਉਣ, ਤਾਂ ਸਾਡੇ ਸਿੱਖਿਆ ਢਾਂਚੇ, ਸਾਡੇ ਪ੍ਰਸ਼ਾਸਨ ਅਤੇ ਸਾਡੀਆਂ ਸਰਕਾਰਾਂ ਵੱਲ੍ਹ ਵੱਡੇ ਸਵਾਲ ਖੜ੍ਹੇ ਹੁੰਦੇ ਹਨ ਅਤੇ ਉਸ ਤੋਂ ਵੀ ਦੁਖਦਾਈ ਲੱਗਦਾ ਹੈ ਇਨ੍ਹਾਂ ਸਵਾਲਾਂ ਦਾ ਸਾਲਾਂ-ਦਰ-ਸਾਲ ਅਣਸੁਲਝਿਆ ਰਹਿਣਾ। ਇਹ ਲੇਖ ਅਜਿਹੇ ਹੀ ਦੋ ਨੌਜਵਾਨਾਂ ਦੀਆਂ ਤਸਵੀਰਾਂ ਪਾਠਕਾਂ ਅੱਗੇ ਰੱਖਣ ਜਾ ਰਿਹਾ ਹੈ, ਜਿਹੜੇ ਮਾਲਵੇ ਦੇ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਹਨ।

ਦੇਖਣ ‘ਚ ਸਧਾਰਨ ਜਿਹੇ ਜਾਪ ਰਹੇ ਇਨ੍ਹਾਂ ਚੰਗੇ ਪੜ੍ਹੇ-ਲਿਖੇ ਨੌਜਵਾਨਾਂ ਦੀ ਤ੍ਰਾਸਦੀ ਹੈ ਕਿ ਅਣਥੱਕ ਮਿਹਨਤ ਰਾਹੀਂ ਜ਼ਿੰਦਗੀ ‘ਚ ਉੱਚਾ ਮੁਕਾਮ ਹਾਸਲ ਕਰਨ ਲਈ ਜੋ ਡਿਗਰੀਆਂ ਇਨ੍ਹਾਂ ਹਾਸਲ ਕੀਤੀਆਂ, ਉਹ ਇਨ੍ਹਾਂ ਦੇ ਕਿਸੇ ਕੰਮ ਨਹੀਂ ਆਈਆਂ। ਬੇਰੁਜ਼ਗਾਰੀ ਦੇ ਝੰਬੇ ਇਨ੍ਹਾਂ ਨੌਜਵਾਨਾਂ ਦੇ ਸੁਪਨਿਆਂ ‘ਤੇ ਅਜਿਹਾ ਪਾਣੀ ਫ਼ਿਰਿਆ ਕਿ ਇਹ ਆਪਣਾ ਪਰਿਵਾਰ ਪਾਲਣ ਲਈ ਮਜ਼ਦੂਰੀ ਕਰਨ ਨੂੰ ਮਜਬੂਰ ਹੋ ਗਏ।

ਪਿੰਡ ਲੀਲੋਵਾਲ ਦੇ ਰਾਜਵਿੰਦਰ ਸਿੰਘ ਜਿਸ ਨੇ ਐੱਮ.ਏ.ਬੀ.ਐੱਡ. ਕਰਨ ਉਪਰੰਤ ਦੋ ਵਾਰ ਟੈੱਟ (TET) ਪਾਸ ਕੀਤਾ ਪਰ ਇਸ ਦੇ ਬਾਵਜੂਦ ਉਹ ਅਧਿਆਪਕ ਦੀ ਸਰਕਾਰੀ ਨੌਕਰੀ ਨਹੀਂ ਹਾਸਲ ਕਰ ਸਕਿਆ ਤੇ ਅੱਜ ਸਬਜ਼ੀ ਵੇਚਣ ਨੂੰ ਮਜ਼ਬੂਰ ਹੈ। ਅਜਿਹਾ ਕੁਝ ਹੀ ਪਿੰਡ ਸ਼ਾਹਪੁਰ ਦੇ ਜਸਵਿੰਦਰ ਸਿੰਘ ਨਾਲ ਹੋਇਆ ਜੋ ਐੱਮ.ਏ. ਬੀ.ਐੱਡ. ਕਰਨ ਦੇ ਨਾਲ-ਨਾਲ ਦੋ ਵਾਰ ਟੈੱਟ (TET) ਪਾਸ ਕਰ ਚੁੱਕਾ ਹੈ। ਇਸ ਦੇ ਬਾਵਜੂਦ ਉਹ ਅਖ਼ਬਾਰਾਂ ਵੰਡ ਕੇ ਗੁਜ਼ਾਰਾ ਚਲਾਉਣ ਨੂੰ ਮਜਬੂਰ ਹੈ।

ਹਾਲਾਤਾਂ ਨਾਲ ਜੂਝ ਰਹੇ ਇਨ੍ਹਾਂ ਨੌਜਵਾਨਾਂ ਦੇ ਨਾਲ ਨਾਲ, ਇਨ੍ਹਾਂ ਪਿੰਡਾਂ ਦੇ ਲੋਕਾਂ ‘ਚ ਵੀ ਸਰਕਾਰ ਖਿਲਾਫ਼ ਭਾਰੀ ਗੁੱਸਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹਰੇਕ ਨੌਜਵਾਨ ਰਾਜਵਿੰਦਰ ਤੇ ਜਸਵਿੰਦਰ ਵਾਂਗ ਨਹੀਂ ਹੁੰਦਾ। ਕਈ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਨਾ ਝੱਲਦੇ ਹੋਏ ਨਸ਼ਿਆਂ ਤੇ ਜੁਰਮ ਦੀ ਰਾਹ ਨੂੰ ਅਪਣਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਗ਼ਲਤ ਰਸਤੇ ਚੁਣਨ ਲਈ ਮਜਬੂਰ ਕਰਨ ਦੇ ਦੋਸ਼ਾਂ ਤੋਂ ਸਰਕਾਰ ਬਚ ਨਹੀਂ ਸਕਦੀ।

ਨੌਕਰੀਆਂ ਲਈ ਸੰਘਰਸ਼ ਦੀ ਗੱਲ ਕਰੀਏ ਤਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਰੁਜ਼ਗਾਰ ਹਾਸਲ ਕਰਨ ਦਾ ਸੰਘਰਸ਼ ਲੰਮੇ ਸਮੇਂ ਤੋਂ ਜਾਰੀ ਹੈ। ਧਰਨੇ ਪ੍ਰਦਰਸ਼ਨ ਕਰਦੇ ਅਧਿਆਪਕਾਂ ‘ਤੇ ਅਣਮਨੁੱਖੀ ਤਸ਼ੱਦਦ ਦੀਆਂ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਹਨ।


ਅਜਿਹੇ ਨੌਜਵਾਨ ਮੁੰਡੇ ਤੇ ਕੁੜੀਆਂ ਦੇ ਨਾਲ ਨਾਲ, ਔਲਾਦ ਨੂੰ ਚੰਗੀ ਸਿੱਖਿਆ ਦੇਣ ਲਈ ਹਾਲਾਤਾਂ ਨਾਲ ਸਮਝੌਤੇ ਕਰਨ ਵਾਲੇ ਮਾਪਿਆਂ ਦੀਆਂ ਨਜ਼ਰਾਂ ਵੀ ਇਸ ਗੱਲ ‘ਤੇ ਟਿਕੀਆਂ ਹਨ ਕਿ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਹਾਸਲ ਕਰਨ ਵਾਲੀ ਮੌਜੂਦਾ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਕਾਬਲੀਅਤ ਦਾ ਮੁੱਲ ਕਦੋਂ ਪਾਉਂਦੀ ਹੈ।

Share on Google Plus

About Ravi

0 comments:

Post a Comment