ਮੈਰੀਲੈਂਡ: ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਸ਼ਹਿਰ ਐਨਾਪੌਲਿਸ ਵਿੱਚ ਇੱਕ ਅਖ਼ਬਾਰ ਦੇ ਦਫ਼ਤਰ ‘ਤੇ ਹਮਲਾ ਕੀਤਾ ਗਿਆ, ਜਿਸ ਵਿੱਚ 5 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕੈਪੀਟਲ ਗਜ਼ਟ ਨਾਂਅ ਦੇ ਅਖ਼ਬਾਰ ਵਿੱਚ ਆਪਣੇ ਵਿਰੁੱਧ ਖ਼ਬਰ ਛਪੀ ਵੇਖ ਹਮਲਾਵਰ ਨੇ ਗੋਲੀਬਾਰੀ ਕੀਤੀ ਹੈ।
ਹਮਲਾਵਰ ਗ੍ਰਿਫ਼ਤਾਰ
ਪੁਲਿਸ ਨੇ ਇਸ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਸ਼ਨਾਖ਼ਤ ਜੇਰਾਡ ਰਾਮੋਸ ਵਜੋਂ ਹਈ ਹੈ। ਜੇਰਾਡ 39 ਸਾਲਾ ਅਮਰੀਕੀ ਨਾਗਰਿਕ ਹੈ। ਮੁਲਜ਼ਮ ਵਿਰੁੱਧ ਇੱਕ ਕੁੜੀ ਨਾਲ ਛੇੜਖਾਨੀ ਦਾ ਇਲਜ਼ਾਮ ਹੈ ਤੇ ਅਖ਼ਬਾਰ ਨੇ ਉਸ ਦੀ ਖ਼ਬਰ ਛਾਪ ਦਿੱਤੀ ਸੀ। ਜਿਸ ਤੋਂ ਭੜਕੇ ਜੇਰਾਡ ਨੇ ਅਖ਼ਬਾਰ ਦੇ ਦਫ਼ਤਰ ‘ਤੇ ਹੀ ਹਮਲਾ ਕਰ ਦਿੱਤਾ।
ਰਾਸ਼ਟਰਪਤੀ ਟਰੰਪ ਨੇ ਜ਼ਾਹਰ ਕੀਤਾ ਆਪਣਾ ਦੁੱਖ
ਇਸ ਘਟਨਾ ਬਾਰੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਡੂੰਘਾ ਦੁੱਖ ਜਤਾਇਆ ਹੈ। ਟਰੰਪ ਨੇ ਟਵੀਟ ਕਰ ਕਿਹਾ ਕਿ ਮੈਨੂੰ ਐਨਾਪੋਲਿਸ ਵਿੱਚ ਕੈਪੀਟਲ ਅਖ਼ਬਾਰ ਦੇ ਦਫ਼ਤਰ ਵਿੱਚ ਗੋਲ਼ੀਬਾਰੀ ਬਾਰੇ ਦੱਸਿਆ ਗਿਆ ਹੈ। ਪੀੜਤ ਤੇ ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ।
ਕੈਪੀਟਲ ਗਜ਼ਟ ਬਾਰੇ ਖਾਸ ਜਾਣਕਾਰੀ
ਐਨਾਪੋਲਿਸ ਵਿੱਚ ਇਸ ਅਖ਼ਬਾਰ ਦਾ ਸਰਕੂਲੇਸ਼ਨ ਰੋਜ਼ਾਨਾ ਤਕਰੀਬਨ 30,000 ਹੈ ਤੇ ਹਫ਼ਤੇ ਦੇ ਅੰਤਲੇ ਦਿਨਾਂ ਵਿੱਚ ਇਹ ਵਧ ਕੇ 35,000 ਹੋ ਜਾਂਦਾ ਹੈ। ਇਹ ਅਮਰੀਕਾ ਦਾ ਸੱਤਵਾਂ ਅਖ਼ਬਾਰ ਹੈ। ਇਸ ਦਾ ਇਤਿਹਾਸ 134 ਸਾਲ ਪੁਰਾਣਾ ਹੈ। ਪਹਿਵਾਂ ਇਹ ਹਫ਼ਤਾਵਰੀ ਸੀ, ਪਰ 1884 ਤੋਂ ਇਹ ਰੋਜ਼ਾਨਾ ਹੋ ਗਿਆ।
ਅਮਰੀਕਾ ਦੇ ਗੰਨ ਕਲਚਰ ਪੂਰੀ ਦੁਨੀਆ ਵਿੱਚ ਮਸ਼ਹੂਰ
ਅਮਰੀਕਾ ਦਾ ਬੰਦੂਕ ਸੱਭਿਆਚਾਰ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਦੁਨੀਆ ਵਿੱਚ ਸਭ ਤੋਂ ਵੱਧ ਬੰਦੂਕਾਂ ਤੇ ਪਿਸਤੌਲ ਅਮਰੀਕੀਆਂ ਕੋਲ ਹੈ। ਜਿਵੇਂ ਭਾਰਤ ਵਿੱਚ ਲੋਕ ਸੋਟੀ ਜਾਂ ਡੰਡਾ ਰੱਖਦੇ ਹਨ, ਉਸੇ ਸੌਖ ਨਾਲ ਅਮਰੀਕੀ ਬੰਦੂਕ ਰੱਖ ਸਕਦੇ ਹਨ। ਅਮਰੀਕਾ ਵਿੱਚ ਤਕਰੀਬਨ 90 ਫ਼ੀਸਦ ਲੋਕਾਂ ਕੋਲ ਬੰਦੂਕ ਹੈ।
ਅਮਰੀਕਾ ਵਿੱਚ ਬੰਦੂਕ ਖਰੀਦਣਾ ਬਹੁਤਾ ਮਹਿੰਗਾ ਨਹੀਂ ਹੈ ਤੇ ਲਾਈਸੰਸ ਦੇ ਨਿਯਮ ਵੀ ਸੁਖਾਲੇ ਹੀ ਹਨ। ਅਮਰੀਕਾ ਵਿੱਚ ਇਸੇ ਬੰਦੂਕ ਸੱਭਿਆਚਾਰ ਕਾਰਨ ਮਾਸ ਸ਼ੂਟਿੰਗ (ਲੋਕਾਂ ‘ਤੇ ਅੰਨ੍ਹਵਾਹ ਗੋਲ਼ੀਆਂ ਚਲਾਉਣਾ) ਦੀਆਂ ਘਟਨਾਵਾਂ ਵੀ ਬਹੁਤ ਵਾਪਰਦੀਆਂ ਹਨ। ਸਾਲ 2014 ਤੋਂ ਲੈਕੇ ਹੁਣ ਤਕ ਅਮਰੀਕਾ ਵਿੱਚ ਅਜਿਹੀਆਂ ਕੁੱਲ 1363 ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਵਿੱਚ 58,000 ਲੋਕਾਂ ਦੀ ਮੌਤ ਹੋ ਚੁੱਕੀ ਹੈ।
0 comments:
Post a Comment