ਨਵੀਂ ਕਿਸਮ ਦਾ ਅਫ਼ਰੀਕਨ ਨਸ਼ਾ ਲੈ ਰਿਹਾ ਪੰਜਾਬੀ ਨੌਜਵਾਨਾਂ ਦੀਆਂ ਜਾਨਾਂ

ਚੰਡੀਗੜ੍ਹ: ਨਸ਼ਿਆਂ ‘ਤੇ ਬਣੀ ਵਿਸ਼ੇਸ਼ ਟਾਸਕ ਫੋਰਸ ਦੇ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਹੈਰੋਇਨ ਤੇ ਸਮੈਕ ਵਰਗੇ ਨਸ਼ਿਆਂ ਵਿੱਚ ਨਵੀਂ ਕਿਸਮ ਦਾ ਘਾਤਕ ਨਸ਼ਾ “ਕੱਟ” ਪੰਜਾਬੀ ਨੌਜਵਾਨਾਂ ਦੀਆਂ ਜਾਨਾਂ ਲੈ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ਆਧਾਰਤ ਅਫਰੀਕੀ ਨਸ਼ਾ ਸੌਦਾਗਰ ਇਸ ਨੂੰ ਸਪਲਾਈ ਕਰਦੇ ਹਨ।

ਇੱਕ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਨਸ਼ਾ ਕਦੇ ਵੀ ਸ਼ੁੱਧ ਨਹੀਂ ਮਿਲਦਾ ਬਲਕਿ, ਨਸ਼ਾ ਸਪਲਾਈ ਕਰਨ ਵਾਲੇ ਹਰ ਪੱਧਰ ‘ਤੇ ਇਸ ਦੀ ਮਾਤਰਾ ਵਧਾਉਣ ਲਈ ਇਸ ਵਿੱਚ ਕੁਝ ਮਿਲਾਵਟ ਕਰ ਦਿੱਤੀ ਜਾਂਦੀ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਮਿਸ਼ਰਣ ਨੂੰ ਕੱਟ ਕਿਹਾ ਜਾਂਦਾ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਨਸ਼ਾ ਸੌਦਾਗਰ ਪਹਿਲਾਂ ਨਸ਼ੇ ਵਿੱਚ ਦਰਦ ਦੂਰ ਕਰਨ ਵਾਲੀਆਂ ਦਵਾਈਆਂ (ਪੇਨ ਕਿੱਲਰ), ਬੇਕਿੰਗ ਸੋਡਾ, ਸਰੀਰ ‘ਤੇ ਛਿੜਕਣ ਵਾਲਾ ਪਾਊਡਰ, ਕੱਪੜੇ ਧੋਣ ਵਾਲਾ ਪਾਊਡਰ, ਕੈਫ਼ੀਨ ਜਾਂ ਸੁੱਕਾ ਦੁੱਧ ਮਿਲਾਉਂਦੇ ਸਨ। ਐਸਟੀਐਫ ਦੇ ਅਧਿਕਾਰੀ ਡੀਐਸਪੀ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਹੁਣ ਅਫ਼ਰੀਕੀ ਤਸਕਰ ਨਸ਼ੇ ਵਿੱਚ ਨਵੀਂ ਕਿਸਮ ਦਾ ਪਦਾਰਥ ਮਿਲਾਉਣ ਲੱਗ ਪਏ ਹਨ, ਜੋ ਘਾਤਕ ਸਾਬਤ ਹੋ ਰਿਹਾ ਹੈ।
ਐਸਟੀਐਫ ਨੇ ਨਸ਼ੇ ਦੇ ਨਮੂਨਿਆਂ ਨੂੰ ਫਾਰੈਂਸਿਕ ਸਾਈਂਸ ਲੈਬਾਰਟਰੀ ਵਿੱਚ ਜਾਂਚ ਲਈ ਭੇਜਿਆ ਹੈ ਤੇ ਉੱਥੋਂ ਰਿਪੋਰਟ ਆਉਣ ਤੋਂ ਬਾਅਦ ਸਾਫ਼ ਹੋ ਜਾਵੇਗਾ। ਦ ਟ੍ਰਿਬੀਊਨ ਦੀ ਰਿਪੋਰਟ ਮੁਤਾਬਕ ਮਨੋਵਿਗਿਆਨੀ ਡਾ. ਰਾਜੀਵ ਗੁਪਤਾ ਦਾ ਕਹਿਣਾ ਹੈ ਕਿ ਟੈਲਕਮ ਪਾਊਡਰ ਜਾਂ ਅਜਿਹੀ ਕਿਸੇ ਹੋਰ ਚੀਜ਼ ਦਾ ਸਿੱਧਾ ਸਰੀਰ ਦੀਆਂ ਨਾੜੀਆਂ ਵਿੱਚ ਜਾਣਾ ਵੀ ਘਾਤਕ ਹੋ ਸਕਦਾ ਹੈ, ਕਿਉਂਕਿ ਇਹ ਬੇਹੱਦ ਬਾਰੀਕ ਹੁੰਦੇ ਹਨ ਤੇ ਕਲੌਟ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਨੱਕ ਰਾਹੀਂ ਨਸ਼ਾ ਖਿੱਚਣਾ ਘਾਤਕ ਨਹੀਂ ਹੁੰਦਾ ਜਦਕਿ ਟੀਕੇ ਨਾਲ ਸਿੱਧਾ ਸਰੀਰ ਵਿੱਚ ਨਸ਼ਾ ਲਾਉਣਾ ਜਾਨਲੇਵਾ ਹੋ ਸਕਦਾ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁੱਧ ਹੈਰੋਇਨ ਬਹੁਤ ਮਹਿੰਗੀ ਹੁੰਦੀ ਹੈ ਤੇ ਆਮ ਤੌਰ ‘ਤੇ ਮਿਲਦੀ ਨਹੀਂ। ਇਸ ਲਈ ਨਸ਼ੇ ਦੇ ਆਦੀ ਆਪਣੀ ਤੋਟ ਪੂਰੀ ਕਰਨ ਥੋੜ੍ਹਾ ਸ਼ੁੱਧ ਨਸ਼ਾ ਕੱਢਦੇ ਹਨ ਅਤੇ ਹੋਰ ਪੈਸਿਆਂ ਦੇ ਹੱਲ ਲਈ ਮਿਲਾਵਟ ਕਰਕੇ ਨਸ਼ਾ ਅੱਗੇ ਵੇਚਦੇ ਹਨ। ਬੀਤੇ ਦਿਨੀਂ ਹੋਈਆਂ ਮੌਤਾਂ ਵਿੱਚੋਂ ਇੱਕ ਐਮਾ ਖੁਰਦ ਪਿੰਡ ਦੇ ਨੌਜਵਾਨ ਨੇ ਨਸ਼ੇ ਦੀ ਇੱਕ ਪੁੜੀ 350 ਰੁਪਏ ਵਿੱਚ ਖਰੀਦੀ ਸੀ ਤੇ ਜਿਸ ਦਾ ਟੀਕਾ ਲਾਉਂਦਿਆਂ ਹੀ ਉਸ ਦੀ ਮੌਤ ਹੋ ਗਈ ਸੀ। ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਤਕਰੀਬਨ 5 ਕਰੋੜ ਰੁਪਏ ਹੈ ਤੇ 10 ਗ੍ਰਾਮ ਹੈਰੋਇਨ ਵੀ ਪੰਜਾਹ ਹਜ਼ਾਰ ਰੁਪਏ ਬਣਦੀ ਹੈ।
Share on Google Plus

About Ravi

0 comments:

Post a Comment