8 ਸੀਟਾਂ ਹਾਰਨ ਵਾਲਾ ਅਕਾਲੀ ਦਲ ਕਿਉਂ ਵਜਾ ਰਿਹਾ ਕੱਛਾਂ

ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਅਕਾਲ ਪੁਰਖ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਰਦਾਸ ਸੁਣ ਲਈ ਹੈ।



ਚੰਡੀਗੜ੍ਹ ਵਿਚ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਵਿਚ ਪਾਸ ਇੱਕ ਮਤੇ ਵਿਚ ਕਿਹਾ ਗਿਆ, "ਉਨ੍ਹਾਂ ਸਾਰਿਆਂ ਦਾ ਕੱਖ ਨਹੀਂ ਛੱਡਿਆ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂ ਇਸ ਦੀ ਸਾਜ਼ਿਸ਼ ਰਚੀ ਸੀ।"

'ਕੱਖਾਂ-ਕਾਨਿਆਂ ਵਾਂਗ ਉੱਡੇ'
ਮਤੇ ਵਿਚ ਅੱਗੇ ਕਿਹਾ ਗਿਆ, ''ਕਾਂਗਰਸ ਪ੍ਰਧਾਨ ਕਾਂਗਰਸ ਦੇ ਉਨ੍ਹਾਂ ਝੋਲੀਚੁੱਕਾਂ ਦੀ ਅਗਵਾਈ ਕਰ ਰਿਹਾ ਸੀ, ਜਿਨ੍ਹਾਂ ਨੇ ਬੇਅਦਬੀ ਦੇ ਮੁੱਦੇ ਉੱਤੇ ਅਖੌਤੀ ਮੋਰਚਾ ਲਾਇਆ ਸੀ। ਉਹ ਵੀ ਰੇਤ ਦੀ ਕੰਧ ਵਾਂਗ ਢਹਿ ਗਿਆ ਅਤੇ ਉਸ ਦੇ ਜੋਟੀਦਾਰ ਸੁਖਪਾਲ ਖਹਿਰਾ, ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ, ਸਿਮਰਨਜੀਤ ਸਿੰਘ ਮਾਨ ਅਤੇ ਅਖੌਤੀ ਟਕਸਾਲੀ ਸਾਰੇ ਕੱਖਾਂ-ਕਾਨਿਆਂ ਵਾਂਗ ਉੱਡ ਗਏ।"

ਅਕਾਲੀ ਦਲ ਦਾ ਦਾਅਵਾ ਹੈ, ''ਇਹ ਸਾਰੇ ਬੇਅਦਬੀ ਦੇ ਮੁੱਦੇ ਉੱਤੇ ਲੋਕਾਂ ਨੂੰ ਉਕਸਾ ਰਹੇ ਸਨ ਅਤੇ ਲੋਕਾਂ ਖਾਸ ਕਰਕੇ ਸਿੱਖਾਂ ਨੇ ਇਹਨਾਂ ਸਾਰੇ ਪਾਖੰਡੀਆਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਇਹਨਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ, ਇਹ ਹੁੰਦਾ ਹੈ ਰੱਬ ਦੇ ਘਰ ਦਾ ਇਨਸਾਫ਼''।

ਅਕਾਲੀ ਦਲ ਦੀ ਕੋਰ ਕਮੇਟੀ ਦੀ ਇੱਕ ਮੀਟਿੰਗ ਦੌਰਾਨ ਪਾਸ ਕੀਤੇ ਇੱਕ ਮਤੇ ਵਿਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਾਰਟੀ ਦੀ ਪ੍ਰਭਾਵਸ਼ਾਲੀ ਅਗਵਾਈ ਕਰਨ ਲਈ ਧੰਨਵਾਦ ਕੀਤਾ ਗਿਆ।

51 ਲੱਖ ਵੋਟਾਂ ਦਾ ਵਾਧਾ
ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ-ਭਾਜਪਾ ਗਠਜੋੜ ਦੀ ਵੋਟ ਹਿੱਸੇਦਾਰੀ ਵਿਚ 51 ਲੱਖ ਵੋਟਾਂ ਦਾ ਵਾਧਾ ਕੀਤਾ ਹੈ, ਜਿਸ ਲਈ ਪਾਰਟੀ ਨੇ ਪੰਜਾਬ ਦੇ ਲੋਕਾਂ ਦਾ ਸ਼ੁਕਰਾਨਾ ਕੀਤਾ।

ਇਸ ਸਦਕਾ 35 ਵਿਧਾਨ ਸਭਾ ਹਲਕਿਆਂ ਵਿਚ ਇਹ ਗਠਜੋੜ ਮੋਹਰੀ ਰਿਹਾ ਅਤੇ 16 ਸੀਟਾਂ ਉੱਤੇ ਇਹ ਬਹੁਤ ਥੋੜ੍ਹੇ ਫ਼ਰਕ ਨਾਲ ਦੂਜੇ ਨੰਬਰ ਉੱਤੇ ਰਿਹਾ।

ਪਾਰਟੀ ਨੇ ਖਾਸ ਕਰਕੇ ਉਨ੍ਹਾਂ 40 ਲੱਖ ਵੋਟਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ 2017 ਵਿਧਾਨ ਸਭਾ ਚੋਣਾਂ ਦੀ ਤੁਲਨਾ ਵਿਚ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਆਪਣਾ ਭਰੋਸਾ ਜਤਾਇਆ।

ਪਾਰਟੀ ਨੇ ਗਠਜੋੜ ਦੀ ਵੋਟ ਹਿੱਸੇਦਾਰੀ 30 ਫੀਸਦੀ ਤੋਂ ਵਧਾ ਕੇ 37 ਫੀਸਦੀ ਕੀਤੀ ਹੈ।

ਕੋਰ ਕਮੇਟੀ ਨੇ ਮਤੇ ਵਿਚ ਕਿਹਾ ਕਿ ਤੱਥ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਕਲੌਤੀ ਅਜਿਹੀ ਪਾਰਟੀ ਹੈ, ਜਿਸ ਦੀ ਵੋਟ ਹਿੱਸੇਦਾਰੀ ਵਿਚ ਵਾਧਾ ਹੋਇਆ ਹੈ ਜਦਕਿ ਕਾਂਗਰਸ ਅਤੇ ਆਪ ਦੀ ਵੋਟ ਹਿੱਸੇਦਾਰੀ ਬਹੁਤ ਜ਼ਿਆਦਾ ਘਟੀ ਹੈ।

ਕਾਂਗਰਸ ਤੋਂ ਦੂਰ ਹੋਏ ਲੋਕ
ਦਲਜੀਤ ਚੀਮਾ ਨੇ ਦੱਸਿਆ ਕਿ 2017 ਵਿਧਾਨ ਸਭਾ ਚੋਣਾਂ ਦੌਰਾਨ ਗਠਜੋੜ ਨੇ 17 ਸੀਟਾਂ ਜਿੱਤੀਆਂ ਸਨ, ਜਿਹੜੀਆਂ ਕਿ ਲੋਕ ਸਭਾ ਚੋਣਾਂ ਦੌਰਾਨ ਦੁੱਗਣੀਆਂ ਹੋ ਗਈਆਂ ਹਨ।


ਦੂਜੇ ਪਾਸੇ ਕਾਂਗਰਸ ਦੀਆਂ ਪੰਜਾਬ ਵਿਰੋਧੀ ਅਤੇ ਲੋਕ ਵਿਰੋਧੀ ਨੀਤੀਆਂ ਕਰਕੇ ਚਾਰ ਲੱਖ ਵੋਟਰਾਂ ਨੇ ਇਸ ਪਾਰਟੀ ਤੋਂ ਕਿਨਾਰਾ ਕਰ ਲਿਆ ਹੈ।

ਚੀਮਾ ਮੁਤਾਬਕ ਅਕਾਲੀ-ਭਾਜਪਾ ਗਠਜੋੜ 35 ਵਿਧਾਨ ਸਭਾ ਹਲਕਿਆਂ ਵਿਚ ਮੋਹਰੀ ਰਿਹਾ ਹੈ, ਜਿਨ੍ਹਾਂ ਵਿਚੋਂ 21 ਹਲਕਿਆਂ ਅੰਦਰ ਅਕਾਲੀ ਦਲ ਅੱਗੇ ਰਿਹਾ ਹੈ ਅਤੇ 14 ਹਲਕਿਆਂ ਅੰਦਰ ਭਾਜਪਾ ਮੂਹਰੇ ਰਹੀ ਹੈ।

ਇੱਕ ਹੋਰ ਮਤਿਆਂ ਵਿਚ ਸੂਬੇ ਅੰਦਰ ਬਿਜਲੀ ਦਰਾਂ ਵਿਚ ਕੀਤੇ ਵਾਧੇ, ਵਾਪਰ ਰਹੀਆਂ ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਅਤੇ ਠੇਕੇ ਉੱਤੇ ਰੱਖੇ ਅਧਿਆਪਕਾਂ ਦੀ ਜਾਇਜ਼ ਮੰਗ ਮੰਨਣ ਤੋਂ ਇਨਕਾਰ ਕਰਨ ਉੱਤੇ ਇੱਕ ਅਧਿਆਪਕ ਵੱਲੋਂ ਕੀਤੀ ਖੁਦਕੁਸ਼ੀ ਉੱਤੇ ਵੀ ਦੁੱਖ ਅਤੇ ਚਿੰਤਾ ਪ੍ਰਗਟ ਕੀਤੀ।

Share on Google Plus

About Ravi

0 comments:

Post a Comment