ਮੀਡੀਆ ਨੇ ਪਾਕਿ ਵਿਚਲੀ 'ਸਰਦਾਰਾਂ ਦੀ ਹਵੇਲੀ' ਨੂੰ ਬਣਾ ਦਿੱਤਾ 'ਗੁਰੂ ਨਾਨਕ ਮਹਿਲ'

ਅੰਮਿ੍ਤਸਰ, 28 ਮਈ -ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਬਾਠਾਂਵਾਲਾ 'ਚ ਢਹਿ ਚੁੱਕੀ ਇਕ ਪੁਰਾਣੀ ਸਿੱਖ ਹਵੇਲੀ ਨੂੰ 'ਗੁਰੂ ਨਾਨਕ ਮਹਿਲ' ਦੱਸ ਕੇ ਮੀਡੀਆ 'ਤੇ ਕੀਤੇ ਜਾ ਰਹੇ ਪ੍ਰਚਾਰ ਨੂੰ ਲੈ ਕੇ ਹਵੇਲੀ ਦੇ ਅਸਲ ਮਾਲਕਾਂ ਦੇ ਵਾਰਸਾਂ ਅਤੇ ਇਤਿਹਾਸ ਦੇ ਜਾਣਕਾਰਾਂ ਨੇ ਵੱਡੀ ਨਾਰਾਜ਼ਗੀ ਜਤਾਈ ਹੈ |


ਬੀਤੇ ਦਿਨ ਪਾਕਿਸਤਾਨੀ ਅੰਗਰੇਜ਼ੀ ਅਖ਼ਬਾਰ 'ਡਾਨ' ਵਲੋਂ ਇਸ ਬਾਰੇ ਖ਼ਬਰ ਪ੍ਰਕਾਸ਼ਿਤ ਕਰ ਕੇ ਦਾਅਵਾ ਕੀਤਾ ਗਿਆ ਸੀ ਕਿ ਉਕਤ ਹਵੇਲੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਹੈ ਅਤੇ ਇਸ ਚਾਰ ਮੰਜ਼ਿਲਾਂ ਇਮਾਰਤ ਨੂੰ ਪਾਕਿ ਦੇ ਮਹਿਕਮਾ ਓਕਾਫ਼ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਢਾਹੇ ਜਾਣ ਉਪਰੰਤ ਇਸ 'ਚ ਲੱਗੀਆਂ ਮਹਿੰਗੀ ਲੱਕੜੀ ਦੀਆਂ ਬਣੀਆਂ ਖਿੜਕੀਆਂ ਤੇ ਦਰਵਾਜ਼ਿਆਂ ਨੂੰ ਵੇਚਿਆ ਜਾ ਚੁੱਕਿਆ ਹੈ, ਜਿਸ ਦੇ ਬਾਅਦ ਦੇਸ਼-ਵਿਦੇਸ਼ ਦੇ ਮੀਡੀਆ ਵਲੋਂ ਬਿਨਾਂ ਇਸ ਮਾਮਲੇ ਦੀ ਜਾਂਚ ਕੀਤੇ ਇਸ ਨੂੰ ਹੋਰ ਵਧਾ ਚੜ੍ਹਾ ਕੇ ਪ੍ਰਕਾਸ਼ਿਤ ਕੀਤਾ ਗਿਆ, ਜਿਸ ਨੂੰ ਲੈ ਕੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵਲੋਂ ਇਸ ਕਾਰਵਾਈ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਂਦਿਆਂ ਤਿੱਖੇ ਸ਼ਬਦਾਂ 'ਚ ਲਗਾਤਾਰ ਨਿੰਦਾ ਵੀ ਕੀਤੀ ਜਾ ਰਹੀ ਹੈ, ਜਦਕਿ ਇਕੱਲੇ 'ਅਜੀਤ' ਵਲੋਂ ਹੀ ਇਸ ਮਾਮਲੇ ਨੂੰ ਲੈ ਕੇ ਪਾਕਿਸਤਾਨੀ ਇਤਿਹਾਸਕਾਰਾਂ, ਨਾਰੋਵਾਲ ਜ਼ਿਲ੍ਹਾ ਪ੍ਰਸ਼ਾਸਨ ਤੇ ਓਕਾਫ਼ ਬੋਰਡ ਦੇ ਅਧਿਕਾਰੀਆਂ ਆਦਿ ਨਾਲ ਗੱਲਬਾਤ ਕਰਨ ਉਪਰੰਤ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਗਿਆ | ਇਸ ਖ਼ਬਰ ਦੇ ਪ੍ਰਕਾਸ਼ਿਤ ਹੋਣ ਦੇ ਬਾਅਦ ਸਾਹਮਣੇ ਆਏ ਹਵੇਲੀ ਦੇ ਅਸਲ ਮਾਲਕਾਂ ਦੇ ਵਾਰਸਾਂ ਨੰਬਰਦਾਰ ਸ: ਗੁਰਨਾਮ ਸਿੰਘ ਭਿੰਡਰ (87 ਸਾਲ) ਤੇ ਸ: ਜਸਵੰਤ ਸਿੰਘ ਭਿੰਡਰ (76 ਸਾਲ) ਪੁੱਤਰ ਸ: ਬਲਵੰਤ ਸਿੰਘ ਭਿੰਡਰ ਨਿਵਾਸੀ ਅਜਨਾਲਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਬਾਠਾਂਵਾਲਾ ਵਿਚਲੀ ਉਕਤ ਸ਼ਾਹਾਨਾ ਹਵੇਲੀ ਨਾਲ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦਾ ਕੋਈ ਸਬੰਧ ਨਹੀਂ ਹੈ ਅਤੇ ਲਗਪਗ ਦੋ ਸਦੀਆਂ ਪੁਰਾਣੀ ਇਸ ਹਵੇਲੀ ਨੂੰ ਸ਼ੁਰੂ ਤੋਂ 'ਸਰਦਾਰਾਂ ਦੀ ਹਵੇਲੀ' ਕਹਿ ਕੇ ਸੰਬੋਧਿਤ ਕੀਤਾ ਜਾਂਦਾ ਰਿਹਾ ਹੈ |



ਇਸ ਹਵੇਲੀ ਦੇ ਅਸਲ ਮਾਲਕਾਂ 'ਚੋਂ ਇਕ ਦਾ ਨਾਂਅ ਸ: ਸਾਧੂ ਸਿੰਘ ਭਿੰਡਰ ਤੇ ਦੂਜੇ ਦਾ ਨਾਂਅ ਸ: ਨਾਨਕ ਸਿੰਘ ਭਿੰਡਰ ਦੱਸਿਆ ਜਾ ਰਿਹਾ ਹੈ | ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰਾਂ 'ਚੋਂ ਸਨ ਅਤੇ ਮਹਾਰਾਜਾ ਗੁਰਦਾਸਪੁਰ ਨੂੰ ਜਾਂਦੇ ਹੋਏ 3-4 ਵਾਰ ਇਸ ਹਵੇਲੀ 'ਚ ਪਧਾਰੇ ਸਨ | ਸ: ਗੁਰਨਾਮ ਸਿੰਘ ਭਿੰਡਰ ਨੇ ਦੱਸਿਆ ਕਿ ਹਵੇਲੀ ਤੋਂ ਥੋੜ੍ਹਾ ਅੱਗੇ ਪਿੰਡ ਵਾਸੀਆਂ ਵਲੋਂ ਬਣਾਇਆ ਗੁਰਦੁਆਰਾ ਸਿੰਘ ਸਭਾ ਬਾਠਾਂਵਾਲਾ ਵੀ ਸੀ ਅਤੇ ਇਹ ਪਿੰਡ ਹੋਰਨਾਂ ਪਿੰਡਾਂ ਦੇ ਮੁਕਾਬਲੇ ਆਧੁਨਿਕ ਢੰਗ ਨਾਲ ਉਸਾਰਿਆ ਗਿਆ ਸੀ | ਪਿੰਡ 'ਚ ਜ਼ਿਆਦਾਤਰ ਆਬਾਦੀ ਭਿੰਡਰ ਗੋਤ ਦੇ ਸਿੱਖਾਂ ਤੇ ਮੁਸਲਮਾਨਾਂ ਦੀ ਸੀ | ਉਨ੍ਹਾਂ ਦੱਸਿਆ ਕਿ ਪਿੰਡ ਬਾਠਾਂਵਾਲਾ 'ਚ ਲਗਪਗ 4 ਕਨਾਲ 'ਚ ਬਣੀ ਉਕਤ ਚਾਰ ਮੰਜ਼ਿਲਾਂ ਹਵੇਲੀ ਦੇ ਅੰਦਰ ਪ੍ਰਕਾਸ਼ ਅਸਥਾਨ ਅਤੇ 16 ਤੋਂ ਵਧੇਰੇ ਕਮਰੇ ਮੌਜੂਦ ਸਨ ਅਤੇ ਉੱਪਰਲੀਆਂ ਮੰਜ਼ਿਲਾਂ 'ਤੇ ਜਾਣ ਲਈ ਚਾਰੇ ਪਾਸੇ ਪੌੜੀਆਂ ਬਣੀਆਂ ਹੋਈਆਂ ਸਨ | ਇਹ ਹਵੇਲੀ 4-5 ਕਿੱਲੋਮੀਟਰ ਦੂਰ ਤੋਂ ਹੀ ਵਿਖਾਈ ਦੇ ਜਾਂਦੀ ਸੀ | ਸ: ਗੁਰਨਾਮ ਸਿੰਘ ਭਿੰਡਰ ਤੇ ਸ: ਜਸਵੰਤ ਸਿੰਘ ਭਿੰਡਰ ਸਮੇਤ ਉਕਤ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ 'ਅਜੀਤ' ਵਲੋਂ ਪੁਖ਼ਤਾ ਢੰਗ ਨਾਲ ਉਕਤ ਹਵੇਲੀ ਦੀ ਅਸਲ ਪਹਿਚਾਣ ਜ਼ਾਹਰ ਕਰਨ ਤੇ ਰੱਖ-ਰਖਾਅ ਦੀ ਕਮੀ ਦੇ ਚਲਦਿਆਂ ਢਹਿ ਜਾਣ ਦਾ ਮਾਮਲਾ ਪ੍ਰਮੁੱਖਤਾ ਨਾਲ ਸਾਹਮਣੇ ਲਿਆਉਣ ਲਈ ਧੰਨਵਾਦ ਪ੍ਰਗਟ ਕਰਦਿਆਂ ਇਹ ਅਪੀਲ ਵੀ ਕੀਤੀ ਕਿ ਇਤਿਹਾਸਕ ਤੱਥਾਂ ਨੂੰ ਜਾਣੇ ਬਗੈਰ ਦੇਸ਼-ਵਿਦੇਸ਼ ਵਿਚਲੀਆਂ ਸਿੱਖ ਯਾਦਗਾਰਾਂ ਜਾਂ ਗੁਰਧਾਮਾਂ ਬਾਰੇ ਕਿਸੇ ਕਿਸਮ ਦੀ ਕੋਈ ਤਿੱਖੀ ਬਿਆਨਬਾਜ਼ੀ ਨਾ ਕੀਤੀ ਜਾਵੇ |
Share on Google Plus

About Ravi

0 comments:

Post a Comment