13 ਯਾਤਰੀਆਂ ਸਮੇਤ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਲਾਪਤਾ

ਈਟਾਨਗਰ/ਨਵੀਂ ਦਿੱਲੀ, 3 ਜੂਨ (ਪੀ.ਟੀ.ਆਈ.)-ਭਾਰਤੀ ਹਵਾਈ ਫ਼ੌਜ ਦਾ ਇਕ ਜਹਾਜ਼ ਆਸਾਮ ਦੇ ਜੋਰਹਾਟ 'ਚੋਂ ਉਡਾਣ ਭਰਨ ਤੋਂ ਕਰੀਬ 33 ਮਿੰਟਾਂ ਬਾਅਦ ਲਾਪਤਾ ਹੋ ਗਿਆ। ਰੂਸ ਦੇ ਬਣੇ ਏ.ਐਨ-32 ਟ੍ਰਾਂਸਪੋਰਟ ਜਹਾਜ਼ ਨੇ ਅਰੁਣਾਚਲ ਪ੍ਰਦੇਸ਼ ਦੇ ਮੇਨਚੁਕਾ ਲਈ ਉਡਾਣ ਭਰੀ ਸੀ, ਜੋ ਚੀਨ ਦੀ ਸਰਹੱਦ ਨੇੜੇ ਹੈ।

ਜਹਾਜ਼ 'ਚ 13 ਲੋਕ ਸਵਾਰ ਸਨ। ਭਾਰਤੀ ਹਵਾਈ ਫ਼ੌਜ ਅਨੁਸਾਰ ਜਹਾਜ਼ ਨੇ ਜੋਰਹਾਟ ਤੋਂ ਦੁਪਹਿਰ 12.27 ਵਜੇ ਉਡਾਣ ਭਰੀ ਸੀ ਅਤੇ ਜਹਾਜ਼ ਦਾ ਆਖਰੀ ਵਾਰ ਜ਼ਮੀਨੀ ਸੰਪਰਕ 1 ਵਜੇ ਤੱਕ ਸੀ। ਦੁਰਘਟਨਾ ਵਾਲੇ ਸੰਭਾਵਿਤ ਸਥਾਨ ਦੀਆਂ ਕੁਝ ਜ਼ਮੀਨੀ ਰਿਪੋਰਟਾਂ ਮਿਲੀਆਂ ਹਨ।

ਹੈਲੀਕਾਪਟਰਾਂ ਨੂੰ ਉਸ ਜਗ੍ਹਾ 'ਤੇ ਭੇਜਿਆ ਗਿਆ ਹੈ ਪਰ ਅਜੇ ਤੱਕ ਕੋਈ ਵੀ ਮਲਬਾ ਨਜ਼ਰ ਨਹੀਂ ਆਇਆ। ਜਹਾਜ਼ 'ਚ 8 ਚਾਲਕ ਦਲ ਦੇ ਮੈਂਬਰ ਅਤੇ 5 ਯਾਤਰੀ ਸਵਾਰ ਸਨ। ਭਾਰਤੀ ਹਵਾਈ ਫ਼ੌਜ ਜਹਾਜ਼ ਨੂੰ ਲੱਭਣ ਲਈ ਸੈਨਾ ਅਤੇ ਵੱਖ-ਵੱਖ ਸਰਕਾਰੀ ਤੇ ਸਿਵਲ ਏਜੰਸੀਆਂ ਨਾਲ ਤਾਲਮੇਲ ਕਰ ਰਹੀ ਹੈ। ਲਾਪਤਾ ਹੋਏ ਐਤੋਂਨੋਵ ਏ.ਐਨ.-32 ਜਹਾਜ਼ ਨੂੰ ਲੱਭਣ ਲਈ ਭਾਰਤੀ ਹਵਾਈ ਫ਼ੌਜ ਨੇ ਸੀ-130ਜੇ, ਏ.ਐਨ-32 ਜਹਾਜ਼ ਅਤੇ 2 ਐਮ.ਆਈ.-17 ਹੈਲੀਕਾਪਟਰ ਲਗਾਏ ਹੋਏ ਹਨ ਜਦਕਿ ਭਾਰਤੀ ਸੈਨਾ ਨੇ ਆਧੁਨਿਕ ਹਲਕੇ ਹੈਲੀਕਾਪਟਰ ਖ਼ੋਜ ਮੁਹਿੰਮ 'ਚ ਲਗਾਏ ਹਨ। ਜਹਾਜ਼ ਨੂੰ ਲੱਭਣ ਦਾ ਕੰਮ ਰਾਤ ਨੂੰ ਵੀ ਜਾਰੀ ਰੱਖਣ ਦੀ ਯੋਜਨਾ ਹੈ।

ਇਸ ਘਟਨਾ ਸਬੰਧੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਫ਼ੌਜ ਦੇ ਉਪ ਮੁਖੀ ਏਅਰ ਮਾਰਸ਼ਲ ਰਾਕੇਸ਼ ਸਿੰਘ ਭਾਦੌਰੀਆ ਨਾਲ ਗੱਲਬਾਤ ਕੀਤੀ ਹੈ। ਰਾਜਨਾਥ ਨੇ ਟਵੀਟ ਕਰਦਿਆਂ ਦੱਸਿਆ ਕਿ ਭਾਦੌਰੀਆ ਨੇ ਮੈਨੂੰ ਜਹਾਜ਼ ਨੂੰ ਲੱਭਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣੂੰ ਕਰਵਾਇਆ। ਰਾਜਨਾਥ ਨੇ ਜਹਾਜ਼ 'ਚ ਸਵਾਰ ਸਾਰੇ ਯਾਤਰੀਆਂ ਦੇ ਸੁਰੱਖਿਅਤ ਹੋਣ ਦੀ ਕਾਮਨਾ ਵੀ ਕੀਤੀ। ਅਧਿਕਾਰਕ ਸੂਤਰਾਂ ਅਨੁਸਾਰ ਭਾਰਤੀ ਹਵਾਈ ਫ਼ੌਜ ਨੇ ਜਹਾਜ਼ ਨੂੰ ਲੱਭਣ ਲਈ ਸਾਰੇ ਉਪਲਬਧ ਸ੍ਰੋਤਾਂ ਨੂੰ ਤਾਇਨਾਤ ਕੀਤਾ ਹੈ।

ਪਹਿਲਾਂ ਵੀ ਏ.ਐਨ.-32 ਜਹਾਜ਼ ਹੋ ਚੁੱਕੇ ਹਨ ਹਾਦਸੇ ਦਾ ਸ਼ਿਕਾਰ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਏ.ਐਨ.-32 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਜੂਨ 2009 'ਚ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਸਿਆਂਗ ਜ਼ਿਲ੍ਹੇ ਦੇ ਇਕ ਪਿੰਡ 'ਚ ਉਕਤ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਜਿਸ 'ਚ 13 ਸੈਨਿਕ ਮਾਰੇ ਗਏ ਸਨ। ਜੁਲਾਈ 2016 'ਚ ਏ.ਐਨ.-32 ਜਹਾਜ਼ ਚੇਨਈ ਤੋਂ ਪੋਰਟ ਬਲੇਅਰ ਦੀ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ, ਜਿਸ 'ਚ 29 ਲੋਕ ਸਵਾਰ ਸਨ। ਕਈ ਹਫ਼ਤਿਆਂ ਤੱਕ ਲੱਭਣ ਦੇ ਬਾਵਜੂਦ ਵੀ ਜਹਾਜ਼ ਦਾ ਕੁਝ ਪਤਾ ਨਹੀਂ ਲੱਗਾ ਸੀ।
Share on Google Plus

About Ravi

0 comments:

Post a Comment