ਕੋਰੋਨਾ ਦੇ ਘਟਦੇ ਪ੍ਰਭਾਵ ਦੇ ਮੱਦੇਨਜ਼ਰ ਯੂਜੀਸੀ ਨੇ ਦੇਸ਼ ਭਰ ਵਿਚ ਬੰਦ ਪਈਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਜ਼ਰੂਰੀ ਸੁਰੱਖਿਆ ਪ੍ਰਬੰਧਾਂ ਨਾਲ ਦੁਬਾਰਾ ਖੋਲ੍ਹਣ ਲਈ ਕਿਹਾ ਹੈ। ਹਾਲਾਂਕਿ ਇਨ੍ਹਾਂ ਨੂੰ ਕਦੋਂ ਖੋਲ੍ਹਣਾ ਹੈ ਇਸ ਦਾ ਫ਼ੈਸਲਾ ਸੂਬਾ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦੀ ਸਹਿਮਤੀ ਦੇ ਆਧਾਰ 'ਤੇ ਕਰਨ ਲਈ ਕਿਹਾ ਗਿਆ ਹੈ। ਯੂਜੀਸੀ ਨੇ ਫਿਲਹਾਲ ਇਸ ਸਬੰਧੀ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਪੂਰੀ ਆਜ਼ਾਦੀ ਦਿੱਤੀ ਹੈ। ਨਾਲ ਹੀ ਸੰਸਥਾਵਾਂ ਨੂੰ ਖੋਲ੍ਹਣ ਲਈ ਪਹਿਲਾਂ ਜਾਰੀ ਦਿਸ਼ਾ-ਨਿਰਦੇਸ਼ਾਂ 'ਤੇ ਅਮਲ ਯਕੀਨੀ ਕਰਨ ਲਈ ਵੀ ਕਿਹਾ ਹੈ।
ਯੂਜੀਸੀ ਨੇ ਇਹ ਕਦਮ ਬੰਦ ਪਈਆਂ ਯੂਨੀਵਰਸਿਟੀਆਂ ਤੇ ਦੂਜੀਆਂ ਸਿੱਖਿਆ ਸੰਸਥਾਵਾਂ ਨੂੰ ਖੋਲ੍ਹਣ ਦੀ ਵਿਦਿਆਰਥੀਆਂ ਦੀ ਮੰਗ ਦੇ ਮੱਦੇਨਜ਼ਰ ਲਿਆ ਹੈ। ਹਾਲਾਂਕਿ ਇਸ ਨੂੰ ਲੈ ਕੇ ਯੂਜੀਸੀ ਪੂਰੀ ਤਰ੍ਹਾਂ ਚੌਕਸ ਵੀ ਹੈ ਕਿਉਂਕਿ ਅਜੇ ਵੀ ਮਹਾਰਾਸ਼ਟਰ ਤੇ ਕੇਰਲ ਵਰਗੇ ਸੂਬਿਆਂ ਵਿਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਉੱਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਯੂਜੀਸੀ ਬਿਲਕੁਲ ਵੀ ਕਾਹਲੀ ਵਿਚ ਨਹੀਂ ਹੈ ਤੇ ਨਾ ਹੀ ਸੰਸਥਾਵਾਂ 'ਤੇ ਇਨ੍ਹਾਂ ਨੂੰ ਖੋਲ੍ਹਣ ਲਈ ਕੋਈ ਦਬਾਅ ਹੀ ਬਣਾਇਆ ਹੈ। ਸੰਸਥਾਵਾਂ ਨੂੰ ਆਪਣੀ ਸਹੂਲਤ ਤੇ ਤਿਆਰੀਆਂ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਬੁਲਾਉਣ ਨਾਲ ਜੁੜੇ ਫ਼ੈਸਲੇ ਲੈਣ ਦਾ ਅਧਿਕਾਰ ਦਿੱਤਾ ਹੈ। ਉਧਰ ਯੂਜੀਸੀ ਦੇ ਸੰਸਥਾਵਾਂ ਨੂੰ ਖੋਲ੍ਹਣ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਆਫਲਾਈਨ ਕਲਾਸਾਂ ਜਦੋਂ ਸ਼ੁਰੂ ਹੋਣ ਤਾਂ ਵਿਦਿਆਰਥੀਆਂ ਨੂੰ ਇਕ ਸੀਟ ਛੱਡ ਕੇ ਬਿਠਾਇਆ ਜਾਵੇਗਾ। ਨਾਲ ਹੀ ਮਾਸਕ ਪਾਉਣ ਤੇ ਵਾਰ-ਵਾਰ ਹੱਥ ਸਾਫ਼ ਕਰਨ ਨੂੰ ਲਾਜ਼ਮੀ ਬਣਾਇਆ ਜਾਵੇ।
ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਖੋਲ੍ਹਣ ਨੂੰ ਲੈ ਕੇ ਯੂਜੀਸੀ ਨੇ ਇਹ ਕਦਮ ਇਸ ਲਈ ਵੀ ਚੁੱਕਿਆ ਹੈ ਕਿਉਂਕਿ ਜ਼ਿਆਦਾਤਰ ਸੂਬਿਆਂ ਵਿਚ ਸਕੂਲ ਖੁੱਲ੍ਹ ਗਏ ਹਨ। ਹਾਲਾਂਕਿ ਉਨ੍ਹਾਂ ਵਿਚ ਅਜੇ ਸਿਰਫ਼ ਨੌਵੀਂ ਤੇ ਬਾਰ੍ਹਵੀਂ ਤਕ ਦੇ ਬੱਚਿਆਂ ਨੂੰ ਸੱਦਿਆ ਜਾ ਰਿਹਾ ਹੈ। ਬਾਵਜੂਦ ਇਸ ਦੇ ਸਾਰੇ ਵਿਦਿਆਰਥੀ ਸਕੂਲ ਨਹੀਂ ਆ ਰਹੇ ਕਿਉਂਕਿ ਸਕੂਲ ਆਉਣ ਨੂੰ ਅਜੇ ਲਾਜ਼ਮੀ ਨਹੀਂ ਕੀਤਾ ਗਿਆ। ਨਾਲ ਹੀ ਮਾਪਿਆਂ ਦੀ ਪ੍ਰਵਾਨਗੀ ਵੀ ਜ਼ਰੂਰੀ ਕੀਤੀ ਗਈ ਹੈ। ਚੇਤੇ ਰਹੇ ਕਿ ਸਕੂਲਾਂ ਦੇ ਨਾਲ ਹੀ ਦੇਸ਼ ਭਰ ਦੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਵੀ ਕੋਰੋਨਾ ਦੀ ਦਸਤਕ ਦੇ ਨਾਲ ਹੀ ਪਿਛਲੇ ਸਾਲ ਮਾਰਚ ਵਿਚ ਬੰਦ ਕਰ ਦਿੱਤਾ ਗਿਆ ਸੀ ਜੋ ਅਜੇ ਵੀ ਬੰਦ ਹਨ।
0 comments:
Post a Comment