ਕੂੜੇ ਕਰਕਟ ਦੀ ਸਮੱਸਿਆ , ਕੱਲ੍ਹ ਦੇ ਵਾਰਸਾਂ ਲਈ ਖਤਰੇ ਦੀ ਘੰਟੀ

ਸ੍ਰੀ ਮੁਕਤਸਰ ਸਾਹਿਬ - ਅਸਲ ਵਿੱਚ ਕੂੜੇ ਕਰਕਟ ਦੀ ਸਮੱਸਿਆ ਜਿੰਨੀ ਵੱਡੀ ਜ਼ਮੀਨੀ ਪੱਧਰ’ਤੇ ਹੈ , ਓਨੀਂ ਵੱਡੀ ਸਮਝ ਕੇ , ਓਸ ਅੱਖ ਨਾਲ ਵੇਖਿਆ ਨਹੀਂ ਜਾ ਰਿਹਾ ਤੇ ਨਾ ਹੀ ਕੂੜੇ ਕਰਕਟ ਦੇ ਨਿਸਤਾਰਨ ਲਈ ਕੋਈ ਠੋਸ ਕਦਮ ਚੁੱਕੇ ਜਾ ਰਹੇ ਹਨ। ਸਾਡੇ ਮੁਲਕ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ ਕਿ ਕੂੜੇ ਕਰਕਟ ਦੇ ਪ੍ਰਬੰਧਨ ਲਈ ਅਸੀਂ ਕੋਈ ਯੋਗ ਤੇ ਪੁਖ਼ਤਾ ਹੱਲ ਨਹੀਂ ਲੱਭ ਸਕੇ । ਹਰ ਸ਼ਹਿਰ ਅਤੇ ਕਸਬੇ ਵਿੱਚ ਕੂੜੇ ਕਰਕਟ ਦੇ ਪਹਾੜ ਉੱਸਰਦੇ ਜਾ ਰਹੇ ਹਨ। ਉੱਪਰੋਂ ਲੈ ਕੇ ਹੇਠਲੇ ਪ੍ਰਸ਼ਾਸਨ ਤੱਕ , ਹਰ ਪੱਧਰ ਤੇ ਸਿਰਫ਼ ਇਹੋ ਹੀ ਜ਼ੋਰ ਲੱਗਾ ਹੋਇਆ ਹੈ ਕਿ ਲੋਕਾਂ ਵਿੱਚ ਸਾਈਨ ਬੋਰਡ ਲਗਾ ਕੇ ਜਾਗਰੂਕਤਾ ਫੈਲਾਈ ਜਾਵੇ , ਸੈਮੀਨਾਰ ਕਰਵਾਏ ਜਾਣ , ਪਰ ਅਫਸੋਸ ਇਸ ਗੱਲ ਦਾ ਹੈ ਕਿ ਫਲੈਕਸ ਬੋਰਡਾਂ ਅਤੇ ਸੈਮੀਨਾਰ ਕਰਵਾਉਂਣ ਤੋਂ ਅੱਗੇ ਕੂੜੇ ਦੇ ਨਿਸਤਾਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ। ਕੇਵਲ ਫਲੈਕਸ ਬੋਰਡ ਲਾ ਕੇ ਕੂੜੇ ਦਾ ਨਿਸਤਾਰਨ ਨਹੀਂ ਕੀਤਾ ਜਾ ਸਕਦਾ। ਕੂੜੇ ਦੇ ਨਿਸਤਾਰਨ ਦੀ ਵਿਵਸਥਾ ਕਰਨਾ ਸਰਕਾਰਾਂ ਦਾ ਕੰਮ ਹੈ। ਪਲਾਸਟਿਕ ਕੂੜੇ ਪ੍ਰਤੀ ਸਰਕਾਰਾਂ ਦੀ ਦੋਹਰੀ ਮਾਨਸਿਕਤਾ ਹੈਰਾਨੀਜਨਕ ਹੈ। 


ਪਲਾਸਟਿਕ ਦੀ ਵਰਤੋਂ ਰੋਕਣ ਲਈ ਹੇਠਲੇ ਪੱਧਰ ਤੇ , ਟੀਮਾਂ ਨਿਯੁਕਤ ਕਰਕੇ ਉਨ੍ਹਾਂ ਦੇ ਚਲਾਨ ਕੀਤੇ ਜਾ ਰਹੇ ਹਨ ਪਰ ਜਾਗਦੇ ਸਿਰਾਂ ਵਾਲੇ ਲੋਕੀਂ ਸਵਾਲ ਕਰਦੇ ਹਨ ਕਿ ਪਲਾਸਟਿਕ ਦੇ ਲਿਫਾਫੇ ਬਣਾਉਂਣ ਵਾਲੇ ਉਦਯੋਗਾਂ ਤੇ ਕਾਰਵਾਈ ਕਰਨ ਤੋਂ ਬਿਨਾਂ , ਹੇਠਲੇ ਪੱਧਰ ‘ਤੇ ਚਲਾਨ ਕੱਟੇ ਜਾਣ ਨਾਲ, ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਲੋਕ ਵੀ ਆਖਰ ਵੀ ਕੀ ਕਰਨ , ਕਿੱਥੇ ਚੁੱਕ ਕੇ ਲੈਣ ਜਾਣ ਕੂੜਾ ? 

ਇਹ ਠੀਕ ਹੈ ਕਿ ਇਸ ਸਬੰਧੀ ਲੋਕਾਂ ਦਾ ਸਾਥ ਵੀ ਬਹੁਤ ਜ਼ਰੂਰੀ ਹੈ ਪਰ ਜਿੰਨੀ ਦੇਰ ਉੱਪਰਲੇ ਪੱਧਰ ਤੇ ਲਗਾਤਾਰ ਪਲਾਸਟਿਕ ਦੀ ਹੋ ਰਹੀ ਪੈਦਾਵਾਰ ਤੇ ਵਰਤੋਂ ਨੂੰ ਨਹੀਂ ਰੋਕਿਆ ਜਾਂਦਾ , ਓਨੀਂ ਦੇਰ ਲੋਕਾਂ ਵਿਚਕਾਰ ਜਾਗਰੂਕਤਾ ਫੈਲਾਉਂਣਾ , ਕਿਸੇ ਮਸਲੇ ਦਾ ਹੱਲ ਨਹੀਂ ਹੈ। ਫਲੈਕਸ ਬੋਰਡ ਲਗਾ ਕੇ ਤੇ ਵੱਡੇ ਪੱਧਰ ‘ਤੇ ਇਸ਼ਤਿਹਾਰਬਾਜੀ ਕਰਕੇ ਜ਼ਿੰਮੇਵਾਰ ਅਦਾਰੇ, ਸੰਸਥਾਵਾਂ ਤੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਦਾ ਦਾਅਵਾ ਕਰਨ ਦੇ ਯਤਨ ਵਿੱਚ ਹਨ। ਸਾਡੇ ਮੁਲਕ ਵਿੱਚ ਅਜੇ ਤੱਕ ਤਾਂ ਇਹੋ ਹੀ ਰਵਾਇਤ ਹੈ ਕਿ ਕਿਸੇ ਵੀ ਤਰ੍ਹਾਂ ਦਾ ਅਮਲ ਕਰਨ ਜਾਂ ਕਰਵਾਉਂਣ ਲਈ ਸਾਈਨ ਬੋਰਡ ਲਗਾ ਕੇ ਆਪਣੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਲਿਆ ਸਮਝਿਆ ਜਾਂਦਾ ਹੈ। ਜੇ ਕੇਵਲ ਇਸ਼ਤਿਹਾਰ ਬਾਜ਼ੀ ਨਾਲ ਹੀ ਮੁਲਕ ਸਾਫ਼ ਸੁਥਰਾ ਬਣਦਾ ਹੁੰਦਾ ਤਾਂ ਹੁਣ ਤੱਕ ਅਸੀਂ ਵਿਸ਼ਵਪੱਧਰ ‘ਤੇ ਮੋਹਰੀ ਹੁੰਦੇ। ਕੁਝ ਫਲੈਕਸ ਬੋਰਡਾਂ ਤੇ ਲਿਖੇ ਹੋਏ ਸਲੋਗਨਾਂ ਨੂੰ ਪੜ੍ਹਕੇ ਦੁੱਖ ਹੁੰਦਾ ਹੈ। ਇੱਥੇ ਨਾਂ ਤਾਂ ਕੋਈ ਇੱਕ ਵੀ ਕਦਮ ਸਵੱਛਤਾ ਦੇ ਵੱਲ ਨਜ਼ਰ ਆਉਂਦਾ ਹੈ ਅਤੇ ਨਾ ਹੀ ਮੁਸਕਰਾਇਆ ਜਾ ਸਕਦਾ ਹੈ। 

ਸਵੱਛਤਾ ਸਬੰਧੀ ਲਾਏ ਗਏ ਸਾਈਨ ਬੋਰਡਾਂ ਦੇ ਨੇੜੇ ਦੀ ਤਾਂ ਹਰ ਵਿਅਕਤੀ ਲੰਘ ਵੀ ਨਹੀਂ ਸਕਦਾ। ਜਿੰਨ੍ਹਾ ਨੇ ਨੀਤੀਆਂ ਬਣਾਉਂਦੀਆਂ ਹਨ ਉਨ੍ਹਾਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਦੀ। ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਨੇ ਧਰਤੀ ਨੂੰ ਪਲੀਤ ਕਰਨ ਤੋਂ ਬਾਅਦ ਹੁਣ ਤਾਂ ਸਮੁੰਦਰ ਵੀ ਪਲੀਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਧਰਤੀ ਉੱਪਰ ਦਿਨੋ-ਦਿਨ ਵਧਦੀ ਜਾ ਰਹੀ ਅਬਾਦੀ, ਕੁਦਰਤੀ ਸੋਮਿਆਂ ਦਾ ਸੰਕਟਮਈ ਸਥਿਤੀ ਵੱਲ ਇਸ਼ਾਰਾ, ਵਾਤਾਵਰਨ ਦਾ ਖ਼ਤਰੇ ਦੀ ਹੱਦ ਵੱਲ ਵਧਣਾ ਅਤੇ ਹੋਰ ਬਹੁਤ ਸਾਰੇ ਭਖਦੇ ਮੁੱਦੇ ਤੇ ਮਸਲੇ ਹਨ, ਜਿੰਨ੍ਹਾਂ ਪ੍ਰਤੀ ਜਾਗਰੂਕ ਹੋਣ ਦੀ ਸਖ਼ਤ ਜ਼ਰੂਰਤ ਹੈ ਪਰ ਅਫਸੋਸ ਕਿ ਇਹ ਮੁੱਦੇ ਅਣਗੌਲਿਆਂ ਕਰਕੇ ਜ਼ਿੰਮੇਵਾਰ ਧਿਰਾਂ , ਡੰਗ ਟਪਾਊ ਨੀਤੀਆਂ ਰਾਹੀਂ ਵਕ਼ਤ ਨੂੰ ਧੱਕਾ ਦੇ ਰਹੀਆਂ ਹਨ ਜੋ ਸਾਡੇ ਆਉਂਣ ਵਾਲੇ ਕੱਲ੍ਹ ਦੇ ਵਾਰਸਾਂ ਲਈ ਬਹੁਤ ਹੀ ਘਾਤਕ ਹੋਣਗੀਆਂ।
Share on Google Plus

About Ravi

0 comments:

Post a Comment